ਪ੍ਰਧਾਨ ਮੰਤਰੀ ਮੋਦੀ ਅਤੇ ਪੂਤਿਨ ਸਣੇ 20 ਆਲਮੀ ਆਗੂ ਐੱਸਸੀਓ ਸੰਮੇਲਨ `ਚ ਹੋਣਗੇ ਸ਼ਾਮਲ

News Online
2 Min Read

31 ਅਗਸਤ ਤੋਂ ਪਹਿਲੀ ਸਤੰਬਰ ਤੱਕ ਚੱਲੇਗਾ ਸਿਖਰ ਸੰਮੇਲਨ

ਚੀਨ ਦੇ ਤਿਆਨਜਿਨ ’ਚ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ 20 ਆਲਮੀ ਆਗੂ ਹਿੱਸਾ ਲੈਣਗੇ।

ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਲਿਯੂ ਬਿਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਸੀਓ ਦੇ ਇਤਿਹਾਸ ’ਚ ਇਹ ਸਭ ਤੋਂ ਵੱਡਾ ਸਿਖਰ ਸੰਮੇਲਨ ਹੋਵੇਗਾ। ਲਿਯੂ ਨੇ ਦੱਸਿਆ ਕਿ ਸੰਮੇਲਨ ’ਚ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ, ਉਨ੍ਹਾਂ ਦੇ ਇੰਡੋਨੇਸ਼ਿਆਈ ਹਮਰੁਤਬਾ ਪ੍ਰਬੋਵੋ ਸੁਬਿਆਂਤੋ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਵੀ ਸ਼ਾਮਲ ਹੋਣਗੇ।

ਉਪ ਮਹਾਦੀਪ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੀ ਐੱਸਸੀਓ ਸੰਮੇਲਨ ’ਚ ਹਾਜ਼ਰੀ ਭਰਨਗੇ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਅਤੇ ਐੱਸਸੀਓ ਦੇ ਸਕੱਤਰ ਜਨਰਲ ਨੂਰਲਾਨ ਯੇਰਮੇਕਬਾਯੇਵ ਸਮੇਤ 10 ਕੌਮਾਂਤਰੀ ਜਥੇਬੰਦੀਆਂ ਦੇ ਅਧਿਕਾਰੀ ਵੀ ਇਸ ਸੰਮੇਲਨ ’ਚ ਹਿੱਸਾ ਲੈਣਗੇ ਜਿਸ ਨਾਲ ਇਹ ਸੰਗਠਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੰਮੇਲਨ ਬਣ ਜਾਵੇਗਾ।

ਐੱਸਸੀਓ ’ਚ ਰੂਸ, ਭਾਰਤ, ਇਰਾਨ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਪਾਕਿਸਤਾਨ, ਤਾਜਿਕਿਸਤਾਨ, ਉਜ਼ਬੇਕਿਸਤਾਨ, ਬੇਲਾਰੂਸ ਅਤੇ ਚੀਨ ਸ਼ਾਮਲ ਹਨ। ਜ਼ਿਆਦਾਤਰ ਆਗੂਆਂ ਦੇ ਦੋ ਰੋਜ਼ਾ ਸਿਖਰ ਸੰਮੇਲਨ ਮਗਰੋਂ ਵੀ ਪੇਈਚਿੰਗ ’ਚ 3 ਸਤੰਬਰ ਨੂੰ ਹੋਣ ਵਾਲੀ ਚੀਨ ਦੀ ਸਭ ਤੋਂ ਵੱਡੀ ਫੌਜੀ ਪਰੇਡ ਦੇਖਣ ਲਈ ਰੁਕਣ ਦੀ ਸੰਭਾਵਨਾ ਹੈ।

Share This Article
Leave a Comment

Leave a Reply