ਹਥਿਆਰਬੰਦ ਬਲਾਂ ਦੀ ਕਾਰਵਾਈ ਦੀ ਸ਼ਲਾਘਾ
ਮਤੇ ‘ਚ ‘ਅਪਰੇਸ਼ਨ ਸਿੰਧੂਰ’ ਸ਼ਬਦ ਦਾ ਜ਼ਿਕਰ ਨਹੀਂ
ਲੋਕਾਂ ਦੀ ਸੁਰੱਖਿਆ ਕਰਨ ’ਚ ਨਾਕਾਮ ਰਹੀ ਭਾਜਪਾ: ਮਮਤਾ
ਕੋਲਕਾਤਾ : ਆਪਣਾ ਪੰਜਾਬ ਮੀਡੀਆ : ਪੱਛਮੀ ਬੰਗਾਲ ਵਿਧਾਨ ਸਭਾ ਨੇ ਦੇਸ਼ ਦੀ ਪੱਛਮੀ ਸਰਹੱਦ ’ਤੇ ਅਤਿਵਾਦੀ ਕੈਂਪਾਂ ਉੱਤੇ ਹਮਲੇ ਕਰਨ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਅੱਜ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ਵਿੱਚ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟ ਜਾਣਾ ਚਾਹੀਦਾ ਹੈ ਕਿ ਕਿਉਂਕਿ ਉਹ ਦੇਸ਼ ਵਾਸੀਆਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ।
ਇਸ ਹਮਲੇ ਨੂੰ ਕੇਂਦਰ ਸਰਕਾਰ ਦੀ ਪੂਰੀ ਨਾਕਾਮੀ ਅਤੇ ਲਾਪ੍ਰਵਾਹੀ ਦਾ ਨਤੀਜਾ ਕਰਾਰ ਦਿੰਦਿਆਂ ਮਮਤਾ ਨੇ ਅਤਿਵਾਦੀ ਹਮਲੇ ਵਾਲੀ ਥਾਂ ’ਤੇ ਸੁਰੱਖਿਆ ਬਲਾਂ ਦੀ ਗ਼ੈਰਮੌਜੂਦਗੀ ’ਤੇ ਵੀ ਸਵਾਲ ਉਠਾਇਆ। ਮਮਤਾ ਦੀ ਟਿੱਪਣੀ ਮਗਰੋਂ ਮਤੇ ’ਤੇ ਚਰਚਾ ਦੌਰਾਨ ਸਦਨ ਵਿੱਚ ਹੰਗਾਮੇ ਵਰਗੀ ਸਥਿਤੀ ਬਣ ਗਈ। ਮਤੇ ਵਿੱਚ ਹਥਿਆਰਬੰਦ ਬਲਾਂ ਦੀ ‘ਦੇਸ਼ ਦੀ ਸੁਰੱਖਿਆ ਵਿੱਚ ਉਨ੍ਹਾਂ ਦੇ ਬੇਜੋੜ ਸਾਹਸ’ ਲਈ ਪ੍ਰਸ਼ੰਸਾ ਕੀਤੀ ਗਈ ਅਤੇ ਇਸ ਨੂੰ ਬਿਨਾਂ ਕਿਸੇ ਵਿਰੋਧ ਦੇ ਪਾਸ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਮਤੇ ਵਿੱਚ ‘ਅਪਰੇਸ਼ਨ ਸਿੰਧੂਰ’ ਸ਼ਬਦ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ 7 ਮਈ ਨੂੰ ਪਾਕਿਸਤਾਨ ਦੇ ਕੁੱਝ ਹਿੱਸਿਆਂ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਕੀਤੇ ਸਟੀਕ ਹਮਲਿਆਂ ਬਾਰੇ ਗੱਲ ਕੀਤੀ ਗਈ ਹੈ।