ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਵਿਰੁੱਧ ਜਾਰੀ ਜੰਗ ਬਾਰੇ ਅਹਿਮ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਵੇਂ ਇਸ ਸੰਘਰਸ਼ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ ਇਹ ਕਈ ਸਾਲਾਂ ਤੱਕ ਚੱਲਣ ਵਾਲੀ ਨਹੀਂ ਹੋਵੇਗੀ। ਨੇਤਨਯਾਹੂ ਨੇ ਉਮੀਦ ਜਤਾਈ ਕਿ ਇਹ ਜੰਗ ਮੱਧ ਪੂਰਬ (West Asia) ਵਿੱਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ, ਜਿਸ ਵਿੱਚ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਸਬੰਧਾਂ ਵਿੱਚ ਸੁਧਾਰ ਵੀ ਸ਼ਾਮਲ ਹੈ।
ਇਸ ਤੋਂ ਪਹਿਲਾਂ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਸਥਿਤ ਅਮਰੀਕੀ ਦੂਤਾਵਾਸ ਮੰਗਲਵਾਰ ਸਵੇਰੇ ਦੋ ਡਰੋਨ ਹਮਲਿਆਂ ਦਾ ਨਿਸ਼ਾਨਾ ਬਣਿਆ। ਸਾਊਦੀ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਹਮਲੇ ਕਾਰਨ ਦੂਤਾਵਾਸ ਦੀ ਇਮਾਰਤ ਵਿੱਚ ਮਾਮੂਲੀ ਅੱਗ ਲੱਗ ਗਈ ਅਤੇ ਕੁਝ ਮਾਲੀ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਨਾਲ, ਇਹ ਹਮਲਾ ਸਵੇਰ ਦੇ ਵੇਲੇ ਹੋਇਆ ਜਦੋਂ ਇਮਾਰਤ ਖਾਲੀ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਆਦ ਦੇ ਡਿਪਲੋਮੈਟਿਕ ਕੁਆਰਟਰ ਉੱਪਰ ਕਾਲੇ ਧੂੰਏਂ ਦੇ ਬੱਦਲ ਦੇਖੇ ਗਏ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਰੀਕੀ ਦੂਤਾਵਾਸ ਨੇ ਰਿਆਧ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ‘ਸ਼ੈਲਟਰ-ਇਨ-ਪਲੇਸ’ (ਸੁਰੱਖਿਅਤ ਥਾਂ ’ਤੇ ਰਹਿਣ) ਦਾ ਨੋਟਿਸ ਜਾਰੀ ਕੀਤਾ ਹੈ ਅਤੇ ਅਗਲੀ ਸੂਚਨਾ ਤੱਕ ਦੂਤਾਵਾਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

