ਆਪਣਾ ਪੰਜਾਬ ਮੀਡੀਆ : ਰੌਇਲ ਚੈਲੰਜਰਜ਼ ਬੰਗਲੁਰੂ (RCB) ਨੇ ਐਤਵਾਰ ਨੂੰ ਖੇਡੇ ਗਏ ਆਈ.ਪੀ.ਐਲ. ਦੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ (MI) ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਪਲੇਅ-ਆਫ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਹੁਣ ਮੁੰਬਈ ਜੇਕਰ ਆਪਣੇ ਅਗਲੇ ਤਿੰਨੋਂ ਮੈਚ ਜਿੱਤ ਵੀ ਲੈਂਦੀ ਹੈ ਤਾਂ ਉਹ ਸਿਰਫ਼ 12 ਅੰਕਾਂ ਤੱਕ ਹੀ ਪਹੁੰਚ ਸਕੇਗੀ ਜੋ ਕਿ ਅਗਲੇ ਗੇੜ ਵਿੱਚ ਜਾਣ ਲਈ ਕਾਫ਼ੀ ਨਹੀਂ ਹਨ।
ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿੱਚ ਰੌਇਲ ਚੈਲੰਜਰਜ਼ ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਟੀਮ ਨੇ ਸਿਰਫ਼ 3 ਓਵਰਾਂ ਵਿੱਚ 28 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ। ਨਮਨ ਧੀਰ (47) ਅਤੇ ਤਿਲਕ ਵਰਮਾ (57) ਨੇ 82 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ ਪਰ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ (4 ਵਿਕਟਾਂ) ਅੱਗੇ ਮੁੰਬਈ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ‘ਤੇ 166 ਦੌੜਾਂ ਹੀ ਬਣਾ ਸਕੀ।

