ਆਪਣਾ ਪੰਜਾਬ ਮੀਡੀਆ : ਅਭਿਨੇਤਰੀ ਪ੍ਰੀਤੀ ਜ਼ਿੰਟਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਸਫ਼ਲਤਾ ਲਈ ਸੇਵਾ ਅਤੇ ਅਰਦਾਸ ਕੀਤੀ। ਪੰਜਾਬ ਕਿੰਗਜ਼ ਟੀਮ ਦੀ ਸਹਿ-ਮਾਲਕ ਰਵਾਇਤੀ ਪੀਲੇ ਰੰਗ ਦੇ ਸੂਟ ਵਿੱਚ ਸਿਰ ਢੱਕ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੀ। ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਤੀ ਨੇ ਕਿਹਾ, ‘ਬਸ ਬਾਬਾ ਜੀ ਨੇ ਬੁਲਾਇਆ ਤੇ ਮੈਂ ਆ ਗਈ। ਪੰਜਾਬ ਦੀ ਟੀਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਉਹ ਸਾਰੇ ਮੈਚ ਜਿੱਤਣਗੇ। ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ।’ ਆਪਣੀ ਫੇਰੀ ਦੌਰਾਨ ਅਦਾਕਾਰਾ ਨੇ ਗੁਰਦੁਆਰੇ ’ਚ ਸੇਵਾ ਵੀ ਕੀਤੀ। ਉਸ ਨੇ ਪੰਜਾਬ ਕਿੰਗਜ਼ ਦੇ ਖਿਡਾਰੀਆਂ ਅਤੇ ਆਈ ਪੀ ਐੱਲ ਵਿੱਚ ਟੀਮ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ।

