ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 1998 ਦੇ ਪੋਖਰਨ ਪਰਮਾਣੂ ਧਮਾਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਝੁਕਾ ਨਹੀਂ ਸਕਦੀ ਜਾਂ ਦਬਾਅ ਹੇਠ ਨਹੀਂ ਲਿਆ ਸਕਦੀ। ਭਗਵਾਨ ਸ਼ਿਵ ਦੇ ਮਸ਼ਹੂਰ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਦੇ 75 ਸਾਲ ਪੂਰੇ ਹੋਣ ਮੌਕੇ ਕਰਵਾਏ ‘ਸੋਮਨਾਥ ਅਮ੍ਰਿਤ ਮਹਾਉਤਸਵ’ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਅੱਜ ਵੀ ਅਜਿਹੀ ਤਾਕਤਾਂ ਸਰਗਰਮ ਹਨ ਜਿਨ੍ਹਾਂ ਨੂੰ ਕੌਮੀ ਸਨਮਾਨ ਨਾਲੋਂ ਤੁਸ਼ਟੀਕਰਨ ਦੀ ਸਿਆਸਤ ਜ਼ਿਆਦਾ ਜ਼ਰੂਰੀ ਲਗਦੀ ਹੈ।
ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਦੇ ਵਿਰੋਧ ਦੌਰਾਨ ਵੀ ਅਜਿਹੀ ਸੋਚ ਦਿਖਾਈ ਦਿੱਤੀ ਸੀ। ਉਨ੍ਹਾਂ ਕਿਹਾ, ‘‘ਜੇ 1947 ’ਚ ਭਾਰਤ ਆਜ਼ਾਦ ਹੋਇਆ ਸੀ ਤਾਂ 1951 ’ਚ ਸੋਮਨਾਥ ਦੀ ਪ੍ਰਾਣ ਪ੍ਰਤਿਸ਼ਠਾ ਨੇ ਭਾਰਤ ਦੀ ਆਜ਼ਾਦ ਚੇਤਨਾ ਦਾ ਐਲਾਨ ਕੀਤਾ ਸੀ।’’ ਸ੍ਰੀ ਮੋਦੀ ਨੇ ਕਿਹਾ ਕਿ ਸੋਮਨਾਥ ਦਾ ਅਮ੍ਰਿਤ ਮਹਾ ਉਤਸਵ ਸਿਰਫ਼ ਅਤੀਤ ਦਾ ਉਤਸਵ ਨਹੀਂ ਹੈ ਸਗੋਂ ਇਹ ਅਗਲੇ ਹਜ਼ਾਰ ਸਾਲਾਂ ਲਈ ਭਾਰਤ ਦੀ ਪ੍ਰੇਰਨਾ ਦਾ ਮਹਾਉਤਸਵ ਵੀ ਹੈ। 11 ਮਈ ਸਿਰਫ਼ ਸੋਮਨਾਥ ਮੰਦਰ ਦੇ ਨਵੇਂ ਸਰੂਪ ’ਚ ਪ੍ਰਾਣ ਪ੍ਰਤਿਸ਼ਠਾ ਲਈ ਹੀ ਨਹੀਂ ਸਗੋਂ ਇਸ ਲਈ ਵੀ ਅਹਿਮ ਹੈ ਕਿਉਂਕਿ 1998 ’ਚ ਅੱਜ ਦੇ ਹੀ ਦਿਨ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਰਤ ਨੇ ਪਰਮਾਣੂ ਅਜ਼ਮਾਇਸ਼ ਕੀਤੀ ਸੀ। ਇਸ ਤੋਂ ਕਈ ਮੁਲਕ ਨਾਰਾਜ਼ ਹੋ ਕੇ ਭਾਰਤ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਲੱਗੇ।
ਇਸ ਮਗਰੋਂ 13 ਮਈ ਨੂੰ ਭਾਰਤ ਨੇ ਦੋ ਹੋਰ ਪਰਮਾਣੂ ਤਜਰਬੇ ਕੀਤੇ। ਉਨ੍ਹਾਂ ਆਲਮੀ ਦਬਾਅ ਅੱਗੇ ਨਾ ਝੁਕਣ ਲਈ ਤਤਕਾਲੀ ਵਾਜਪਾਈ ਸਰਕਾਰ ਦੀ ਸ਼ਲਾਘਾ ਕੀਤੀ। ਸ੍ਰੀ ਮੋਦੀ ਨੇ ਕਿਹਾ, ‘‘ਉਸ ਸਮੇਂ ਪੂਰੀ ਦੁਨੀਆ ਦਾ ਦਬਾਅ ਭਾਰਤ ’ਤੇ ਸੀ ਪਰ ਅਟਲ ਜੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ ਇਹ ਦਿਖਾਇਆ ਸੀ ਕਿ ਸਾਡੇ ਲਈ ਦੇਸ਼ ਪਹਿਲਾਂ ਹੈ। ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਝੁਕਾ ਨਹੀਂ ਸਕਦੀ, ਦਬਾਅ ਹੇਠ ਨਹੀਂ ਲਿਆ ਸਕਦੀ।’’ ਉਨ੍ਹਾਂ ਕਿਹਾ ਕਿ ਸੋਮਨਾਥ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਰਾਸ਼ਟਰ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ, ਜਦੋਂ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ। ਸ੍ਰੀ ਮੋਦੀ ਨੇ ਇਸ ਮੌਕੇ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ।

