ਆਪਣਾ ਪੰਜਾਬ ਮੀਡੀਆ : ਭਾਰਤ ਦੇ ਰੈਲੀ ਡਰਾਈਵਰ ਹਰੀ ਸਿੰਘ ਦੀ ਭਾਲ ਲਈ ਮਾਲਦੀਵ ਦੇ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ ਸਰਚ ਅਪਰੇਸ਼ਨ ਬੀਤੀ ਰਾਤ ਖ਼ਤਮ ਕਰ ਦਿੱਤਾ ਗਿਆ ਹੈ। ਹਰੀ ਸਿੰਘ 19 ਮਾਰਚ ਨੂੰ ਮਾਲਦੀਵ ਦੇ ਫੈਲੀਧੂ ਟਾਪੂ ਨੇੜੇ ਇੱਕ ਤੇਜ਼ ਰਫ਼ਤਾਰ ਕਿਸ਼ਤੀ ਪਲਟਣ ਕਾਰਨ ਲਾਪਤਾ ਹੋ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਨਾਲ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕਮਾਂਡਰ ਮਹੇਸ਼ ਰਾਮਚੰਦਰਨ ਵੀ ਲਾਪਤਾ ਸਨ। ਆਮ ਤੌਰ ‘ਤੇ ਅਜਿਹੀ ਭਾਲ 72 ਘੰਟੇ ਚੱਲਦੀ ਹੈ ਪਰ ਇਹ ਮੁਹਿੰਮ ਅੱਠ ਦਿਨਾਂ ਤੱਕ ਜਾਰੀ ਰੱਖੀ ਗਈ ਸੀ। ਇਸ ਕੰਮ ਲਈ ਡਰੋਨਾਂ, ਹਲਕੇ ਜਹਾਜ਼ਾਂ ਅਤੇ ਭਾਰਤ ਸਰਕਾਰ ਵੱਲੋਂ ਭੇਜੇ ਗਏ ਖ਼ਾਸ ਨਿਗਰਾਨੀ ਜਹਾਜ਼ਾਂ ਦੀ ਮਦਦ ਲਈ ਗਈ ਸੀ ਪਰ ਸਮੁੰਦਰ ਵਿੱਚੋਂ ਉਨ੍ਹਾਂ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ।
ਹਰੀ ਸਿੰਘ ਦੇ ਪਰਿਵਾਰ ਨੇ ਹੁਣ ਉਨ੍ਹਾਂ ਦੀ ਯਾਦ ਵਿੱਚ 30 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 8 ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਭੋਗ ਦੀ ਰਸਮ ਅਤੇ ਅੰਤਿਮ ਅਰਦਾਸ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਚੰਡੀਗੜ੍ਹ ਮੋਟਰਸਪੋਰਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇੰਨੀ ਵੱਡੀ ਪੱਧਰ ‘ਤੇ ਚਲਾਈ ਗਈ ਮੁਹਿੰਮ ਦੇ ਬਾਵਜੂਦ ਹਰੀ ਸਿੰਘ ਨਾਲ ਜੁੜੀ ਇੱਕ ਵੀ ਚੀਜ਼ ਬਰਾਮਦ ਨਹੀਂ ਹੋਈ। ਹੁਣ ਉਨ੍ਹਾਂ ਦੀ ਭਾਲ ਵਿੱਚ ਜੁਟੇ ਦੋਸਤ ਵੀ ਵਾਪਸ ਭਾਰਤ ਪਰਤ ਰਹੇ ਹਨ।

