ਆਪਣਾ ਪੰਜਾਬ ਮੀਡੀਆ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਮਹਿਲਾ ਰਾਖਵਾਂਕਰਨ ਦੀ ਆੜ ਵਿੱਚ ਦੇਸ਼ ਦੇ ਸੰਘੀ ਢਾਂਚੇ (Federal Structure) ਨੂੰ ਬਦਲਣ ਦੀ ਸਾਜ਼ਿਸ਼ ਰਚ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ 131ਵੀਂ ਸੰਵਿਧਾਨਕ ਸੋਧ ਬਿੱਲ ਦਾ ਡਿੱਗਣਾ ਨਾ ਸਿਰਫ਼ ਸੰਵਿਧਾਨ ਅਤੇ ਲੋਕਤੰਤਰ ਦੀ ਜਿੱਤ ਹੈ, ਸਗੋਂ ਇਹ ਵਿਰੋਧੀ ਧਿਰ ਦੀ ਮਜ਼ਬੂਤ ਏਕਤਾ ਦਾ ਸਬੂਤ ਵੀ ਹੈ।ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਸਰਕਾਰ ਦੀ ਨੀਅਤ ਔਰਤਾਂ ਨੂੰ ਹੱਕ ਦੇਣ ਦੀ ਨਹੀਂ, ਸਗੋਂ ਹੱਦਬੰਦੀ (Delimitation) ਰਾਹੀਂ ਆਪਣੀ ਸੱਤਾ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਕਰਨ ਦੀ ਸੀ।
ਉਨ੍ਹਾਂ ਕਿਹਾ, “ ਸਰਕਾਰ ਨੇ ਸੋਚਿਆ ਸੀ ਕਿ ਜੇਕਰ ਬਿੱਲ ਪਾਸ ਹੋ ਗਿਆ ਤਾਂ ਉਹ ਆਪਣੀ ਮਰਜ਼ੀ ਅਨੁਸਾਰ ਸੀਟਾਂ ਵਧਾ ਕੇ ਸਿਆਸੀ ਲਾਹਾ ਲੈਣਗੇ, ਅਤੇ ਜੇਕਰ ਫੇਲ੍ਹ ਹੋ ਗਿਆ ਤਾਂ ਵਿਰੋਧੀ ਧਿਰ ਨੂੰ ਮਹਿਲਾ ਵਿਰੋਧੀ ਗਰਦਾਨ ਕੇ ਖੁਦ ‘ਮਸੀਹਾ’ ਬਣ ਜਾਣਗੇ।” ਉਨ੍ਹਾਂ ਹਾਥਰਸ ਕਾਂਡ ਅਤੇ ਮਹਿਲਾ ਪਹਿਲਵਾਨਾਂ ਦੇ ਮੁੱਦੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਔਰਤਾਂ ਦਾ ਮਸੀਹਾ ਬਣਨਾ ਇੰਨਾ ਸੌਖਾ ਨਹੀਂ ਹੈ।ਪ੍ਰਿਅੰਕਾ ਨੇ ਮੰਗ ਕੀਤੀ ਕਿ ਸਰਕਾਰ 2023 ਦੇ ਮਹਿਲਾ ਰਾਖਵਾਂਕਰਨ ਐਕਟ ਨੂੰ ਲੋਕ ਸਭਾ ਦੀ ਮੌਜੂਦਾ ਗਿਣਤੀ ’ਤੇ ਹੀ ਤੁਰੰਤ ਲਾਗੂ ਕਰੇ। ਜ਼ਿਕਰਯੋਗ ਹੈ ਕਿ ਸਰਕਾਰ ਨੇ ਇਸ ਬਿੱਲ ਰਾਹੀਂ ਲੋਕ ਸਭਾ ਦੀਆਂ ਸੀਟਾਂ 543 ਤੋਂ ਵਧਾ ਕੇ 816 ਕਰਨ ਦਾ ਪ੍ਰਸਤਾਅ ਰੱਖਿਆ ਸੀ। ਕਾਂਗਰਸੀ ਆਗੂ ਨੇ ਕਿਹਾ ਕਿ ਔਰਤਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਆਪਣੀ ਮਰਜ਼ੀ ਦੀ ਹੱਦਬੰਦੀ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਸੀ।

