ਆਪਣਾ ਪੰਜਾਬ ਮੀਡੀਆ : ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਤੇਹਰਾਨ ਨੇ ਜੰਗਬੰਦੀ ਦੀ ਅਪੀਲ ਕੀਤੀ ਹੈ। ਬਘਾਈ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਟਰੰਪ ਦੀਆਂ ਟਿੱਪਣੀਆਂ ਨੂੰ ‘ਝੂਠਾ ਅਤੇ ਬੇਬੁਨਿਆਦ’ ਕਰਾਰ ਦਿੱਤਾ। ਈਰਾਨ ਵੱਲੋਂ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਅਮਰੀਕਾ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਇਰਾਨ ਆਪਣੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਵਜੋਂ ਦੇਖ ਰਿਹਾ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਇਰਾਨ ‘ਤੇ ਆਪਣੇ ਫ਼ੌਜੀ ਹਮਲੇ ਬੰਦ ਕਰ ਸਕਦਾ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਇਸ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਨਾਲ ਕੋਈ ਸਮਝੌਤਾ ਕਰਨਾ ਜ਼ਰੂਰੀ ਨਹੀਂ ਹੈ।ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ, “ਅਸੀਂ ਬਹੁਤ ਜਲਦੀ (ਇਰਾਨ ਤੋਂ) ਬਾਹਰ ਨਿਕਲ ਜਾਵਾਂਗੇ।” ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਦੋ ਜਾਂ ਤਿੰਨ ਹਫ਼ਤਿਆਂ ਦੇ ਅੰਦਰ ਪੂਰੀ ਹੋ ਸਕਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਆਪਰੇਸ਼ਨ ਐਪਿਕ ਫਿਊਰੀ (Operation Epic Fury) ਨੂੰ ਖ਼ਤਮ ਕਰਨ ਲਈ ਇਰਾਨ ਨਾਲ ਗੱਲਬਾਤ ਸਫ਼ਲ ਹੋਣੀ ਜ਼ਰੂਰੀ ਹੈ, ਤਾਂ ਟਰੰਪ ਨੇ ਕਿਹਾ ਕਿ ਅਜਿਹੀ ਕੋਈ ਸ਼ਰਤ ਨਹੀਂ ਹੈ।

