ਆਪਣਾ ਪੰਜਾਬ ਮੀਡੀਆ : ਇਰਾਨ ਨੇ ਜੰਗਬੰਦੀ ਦੀ ਨਵੀਂ ਤਜਵੀਜ਼ ਰੱਦ ਕਰ ਦਿੱਤੀ ਹੈ। ਤਹਿਰਾਨ ਨੇ ਜੰਗ ਦੇ ਸਥਾਈ ਖ਼ਾਤਮੇ ਲਈ ਆਪਣਾ ਦਸ ਨੁਕਾਤੀ ਏਜੰਡਾ ਰੱਖਿਆ ਹੈ। ਤਹਿਰਾਨ ਨੇ ਇਹ ਫ਼ੈਸਲਾ ਅਜਿਹੇ ਮੌਕੇ ਕੀਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਨੂੰ ਦਿੱਤੀ 10 ਦਿਨਾਂ ਦੀ ਮੋਹਲਤ ਖ਼ਤਮ ਹੋਣ ਕੰਢੇ ਹੈ।
ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ‘ਇਰਨਾ’ ਨੇ ਕਿਹਾ ਕਿ ਤਹਿਰਾਨ ਨੇ ਅਹਿਮ ਵਾਰਤਾਕਾਰ ਪਾਕਿਸਤਾਨ ਜ਼ਰੀਏ ਆਪਣੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵੱਲੋਂ ਤਜਵੀਜ਼ ਮਿਲਣ ਦੀ ਪੁਸ਼ਟੀ ਕਰਦਿਆਂ ਇਸ ਨੂੰ ‘ਨਾਕਾਫ਼ੀ’ ਦੱਸਿਆ ਹੈ। ਉਂਝ ਉਨ੍ਹਾਂ ਇਸ ਨੂੰ ‘ਅਹਿਮ ਪੇਸ਼ਕਦਮੀ’ ਕਰਾਰ ਦਿੱਤਾ ਹੈ। ਟਰੰਪ ਨੇ ਇਰਾਨ ਨੂੰ ਮੁੜ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਰਾਨ ਨੂੰ ਸਿਰਫ਼ ਇਕ ਰਾਤ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ ਤੇ ‘ਇਹ ਭਲਕੇ (ਮੰਗਲਵਾਰ) ਦੀ ਰਾਤ ਹੋ ਸਕਦੀ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਰਤਾਕਾਰਾਂ ਜ਼ਰੀਏ ਆਈ 15 ਨੁਕਾਤੀ ਅਮਰੀਕੀ ਤਜਵੀਜ਼ ਇਕਪਾਸੜ ਤੇ ਹਕੀਕਤ ਤੋਂ ਕੋਹਾਂ ਦੂਰ ਹੈ, ਜਿਸ ਨੂੰ ਤਹਿਰਾਨ ਮਨਜ਼ੂਰ ਨਹੀਂ ਕਰ ਸਕਦਾ।

