ਆਪਣਾ ਪੰਜਾਬ ਮੀਡੀਆ : ਪੰਜਾਬ ਬਚਾਓ ਰੈਲੀ ਦੌਰਾਨ ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਰ ਭਗਵੰਤ ਸਿੰਘ ਮਾਨ ਨੂੰ ਭੰਡਣ ਵੱਲ ਘੱਟ ਅਤੇ ਆਪਣੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦੇਣ ਵੱਲ ਵਧ ਰਹੇ। ਮੁਕਤਸਰ ਰੈਲੀ ’ਚ ਵੱਡੇ ਇਕੱਠ ਤੋਂ ਖੁਸ਼ ਹੁੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ 42 ਹਲਕਿਆਂ ’ਚ ਕੀਤੀਆਂ ਰੈਲੀਆਂ ਵਿੱਚੋਂ ਸਭ ਤੋਂ ਵੱਧ ਇਕੱਠ ਇਥੇ ਹੋਇਆ ਹੈ। ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਖਜ਼ਾਨੇ ਦੀ ਚਾਬੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਥ ਹੋਵੇਗੀ।
ਬਾਦਲ ਨੇ ਕਿਹਾ ਕਿ ਉਨ੍ਹਾਂ ਪਿਛਲੇ ਦੋ ਸਾਲਾਂ ’ਚ ਘੋਖ ਕਰ ਕੇ ਪੰਜਾਬ ਦੀਆਂ ਲੋੜਾਂ ਦੇ ਹੱਲ ਲੱਭੇ ਹਨ। ਇਸ ਲਈ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਤਿੰਨ ਲੱਖ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ। ਜਦੋਂ ਕਿ ‘ਆਪ’ ਸਰਕਾਰ ਨੇ 75 ਫ਼ੀਸਦੀ ਨੌਕਰੀਆਂ ਪਰਵਾਸੀਆਂ ਨੂੰ ਦਿੱਤੀਆਂ ਹਨ। ਇਸੇ ਤਰ੍ਹਾਂ ਵਰਲਡ ਸਕਿੱਲ ਯੂਨੀਵਰਸਿਟੀ ਬਣਾ ਕੇ ਹਰ ਜ਼ਿਲ੍ਹੇ ’ਚ ਸਿਖਲਾਈ ਸੈਂਟਰ ਖੁੱਲ੍ਹਣਗੇ। ਸਿਖਲਾਈ ਯਾਫਤਾ ਨੂੰ ਸਰਕਾਰ ਕੰਮ ਚਲਾਉਣ ਲਈ 10 ਲੱਖ ਰੁਪਏ ਦਾ ਕਰਜ਼ਾ ਦੇਵੇਗੀ। ਪਹਿਲੇ ਤਿੰਨ ਸਾਲ ਕੋਈ ਕਰਜ਼ਾ ਵਾਪਸ ਨਹੀਂ ਕਰਨਾ ਤੇ ਅਗਲੇ 7 ਸਾਲਾਂ ’ਚ ਸਿਰਫ ਮੂਲ ਹੀ ਵਾਪਸ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਡੇਅਰੀ ਫਾਰਮਿੰਗ ਤੇ 75 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ।

