ਆਪਣਾ ਪੰਜਾਬ ਮੀਡੀਆ : ਅਮਰੀਕਾ ਤੇ ਇਰਾਨ ਦਰਮਿਆਨ ਦੋ ਹਫ਼ਤਿਆਂ ਦੀ ਆਰਜ਼ੀ ਜੰਗਬੰਦੀ ਮਗਰੋਂ ‘ਜਗ ਵਿਕਰਮ’ ਨਾਂ ਦੇ ਭਾਰਤੀ ਝੰਡੇ ਵਾਲੇ ਐੱਲ ਪੀ ਜੀ ਦੇ ਜਹਾਜ਼ ਨੇ ਹਰਮੁਜ਼ ਜਲ ਖੇਤਰ ਪਾਰ ਕਰ ਲਿਆ ਹੈ। ਆਰਜ਼ੀ ਜੰਗਬੰਦੀ ਦੇ ਐਲਾਨ ਮਗਰੋਂ ਇਸ ਮਾਰਗ ਤੋਂ ਲੰਘਣ ਵਾਲਾ ਇਹ ਪਹਿਲਾ ਭਾਰਤੀ ਜਹਾਜ਼ ਹੈ। ਇਹ ਜਹਾਜ਼ ਲੰਘੀ ਰਾਤ ਤੇ ਅੱਜ ਸਵੇਰ ਦਰਮਿਆਨ ਇਸ ਅਹਿਮ ਸਮੁੰਦਰੀ ਮਾਰਗ ’ਚੋਂ ਲੰਘਿਆ ਅਤੇ ਅੱਜ ਦੁਪਹਿਰ ਪੂਰਬ ਵੱਲ ਵਧਦਾ ਹੋਇਆ ਜਲ ਮਾਰਗ ਦੇ ਪੂਰਬ ’ਚ ਓਮਾਨ ਦੀ ਖਾੜੀ ਵਿੱਚ ਪਹੁੰਚ ਚੁੱਕਾ ਸੀ।
ਮਾਰਚ ਦੀ ਸ਼ੁਰੂਆਤ ਤੋਂ ਹੁਣ ਤੱਕ ਫ਼ਾਰਸ ਦੀ ਖਾੜੀ ’ਚੋਂ ਨਿਕਲਣ ਵਾਲਾ ਇਹ ਨੌਵਾਂ ਭਾਰਤੀ ਜਹਾਜ਼ ਹੈ; ਜਦੋਂਕਿ ਤਕਰੀਬਨ 15 ਭਾਰਤੀ ਝੰਡੇ ਵਾਲੇ ਜਹਾਜ਼ ਹਾਲੇ ਵੀ ਇਸ ਖੇਤਰ ’ਚ ਰੁਕੇ ਹੋਏ ਹਨ ਅਤੇ ਅੱਗੇ ਵਧਣ ਦੀ ਉਡੀਕ ਕਰ ਰਹੇ ਹਨ। ਇਹ ਦਰਮਿਆਨੇ ਆਕਾਰ ਦਾ ਗੈਸ ਢੋਣ ਵਾਲਾ ਜਹਾਜ਼ 26 ਹਜ਼ਾਰ ਟਨ ਤੋਂ ਵੱਧ ਦੀ ਸਮਰੱਥਾ ਰੱਖਦਾ ਹੈ ਅਤੇ ਇਸ ’ਚ ਤਕਰੀਬਨ 20 ਹਜ਼ਾਰ ਟਨ ਐੱਲ ਪੀ ਜੀ ਹੋਣ ਦਾ ਅਨੁਮਾਨ ਹੈ। ਪੱਛਮੀ ਏਸ਼ੀਆ ਸੰਘਰਸ਼ ਸ਼ੁਰੂ ਹੋਣ ਸਮੇਂ ਹਰਮੁਜ਼ ਜਲ ਮਾਰਗ ਖੇਤਰ ’ਚ ਘੱਟੋ-ਘੱਟ 28 ਭਾਰਤੀ ਜਹਾਜ਼ ਮੌਜੂਦ ਸਨ ਜਿਨ੍ਹਾਂ ’ਚੋਂ 24 ਪੱਛਮੀ ਹਿੱਸੇ ’ਚ ਅਤੇ ਚਾਰ ਪੂਰਬੀ ਹਿੱਸੇ ’ਚ ਸਨ। ‘ਜਗ ਵਿਕਰਮ’ ਤੋਂ ਪਹਿਲਾਂ ਪੱਛਮੀ ਹਿੱਸੇ ਤੋਂ ਅੱਠ ਅਤੇ ਪੂਰਬੀ ਹਿੱਤੇ ਤੋਂ ਦੋ ਜਹਾਜ਼ ਸੁਰੱਖਿਅਤ ਨਿਕਲ ਚੁੱਕੇ ਹਨ; ਕਈ ਵਿਦੇਸ਼ੀ ਜਹਾਜ਼ ਹਾਲੇ ਵੀ ਫ਼ਾਰਸ ਦੀ ਖਾੜੀ ’ਚ ਰੁਕੇ ਹੋਏ ਹਨ।

