ਆਪਣਾ ਪੰਜਾਬ ਮੀਡੀਆ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸ਼ਨਿੱਚਰਵਾਰ ਨੂੰ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਵਿੱਚ ਭਾਰਤ ਨੇ ਕੋਈ ਵੀ ਗਲਤੀ ਕੀਤੀ ਤਾਂ ਪਾਕਿਸਤਾਨ ਇਸ ਦਾ ਜਵਾਬ ਕੋਲਕਾਤਾ ਤੱਕ ਹਮਲਾ ਕਰਕੇ ਦੇਵੇਗਾ। ਸਿਆਲਕੋਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਇਸ ਵਾਰ ਕੋਈ ਵੀ ਝੂਠੀ ਕਾਰਵਾਈ ਜਾਂ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨੀ ਫੌਜ ਆਪਣੀ ਕਾਰਵਾਈ ਨੂੰ ਕੋਲਕਾਤਾ ਤੱਕ ਲੈ ਜਾਵੇਗੀ।
ਖਵਾਜਾ ਆਸਿਫ ਨੇ ਬਿਨਾਂ ਕਿਸੇ ਸਬੂਤ ਦੇ ਇਹ ਦਾਅਵਾ ਵੀ ਕੀਤਾ ਕਿ ਭਾਰਤ ਹੋਰ ਕਿਸੇ ਦੀਆਂ ਲਾਸ਼ਾਂ ਦਿਖਾ ਕੇ ਕੋਈ ਝੂਠਾ ਅਪਰੇਸ਼ਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਦਾ ਇਹ ਬਿਆਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਸ ਗੱਲ ਦੇ ਜਵਾਬ ਵਿੱਚ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪਰੈਲ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਭਾਰੀ ਤਣਾਅ ਰਿਹਾ ਸੀ।

