ਆਪਣਾ ਪੰਜਾਬ ਮੀਡੀਆ : ਦਿੱਲੀ ਯੂਨੀਵਰਸਿਟੀ ਵੱਲੋਂ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲਣ ਦੀ ਤਜਵੀਜ਼ ਦਾ ਵਿਰੋਧ ਤੇਜ਼ ਹੋ ਗਿਆ ਹੈ। ਸਾਬਕਾ ਸੰਸਦ ਮੈਂਬਰ ਨਰੇਸ਼ ਗੁਜਰਾਲ ਅਤੇ ਦਿੱਲੀ ਤੇ ਪੰਜਾਬ ਦੇ ਕਈ ਉੱਘੇ ਵਿਦਵਾਨਾਂ ਨੇ ਯੂਨੀਵਰਸਿਟੀ ਨੂੰ ਫ਼ੈਸਲੇ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ 2017 ਵਿੱਚ ਸੰਸਦ ਵਿੱਚ ਸਰਕਾਰ ਵੱਲੋਂ ਦਿੱਤੇ ਗਏ ਉਸ ਭਰੋਸੇ ਦੀ ਯਾਦ ਦਿਵਾਈ ਜਿਸ ਵਿੱਚ ਕਿਹਾ ਗਿਆ ਸੀ ਕਿ ਕਾਲਜ ਦਾ ਨਾਮ ਨਹੀਂ ਬਦਲਿਆ ਜਾਵੇਗਾ। ਸ੍ਰੀ ਗੁਜਰਾਲ ਨੇ ਦੱਸਿਆ ਕਿ 2017 ਵਿੱਚ ਵੀ ਤਤਕਾਲੀ ਚੇਅਰਮੈਨ ਅਮਿਤਾਭ ਸਿਨਹਾ ਨੇ ਕਾਲਜ ਦਾ ਨਾਮ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਿਆ’ ਰੱਖਣ ਦੀ ਤਜਵੀਜ਼ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ, ‘‘ਮੈਂ ਰਾਜ ਸਭਾ ਵਿੱਚ ਇਸ ਦਾ ਵਿਰੋਧ ਕੀਤਾ ਸੀ ਅਤੇ ਤਤਕਾਲੀ ਐੱਚ ਆਰ ਡੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਭਰੋਸਾ ਦਿੱਤਾ ਸੀ ਕਿ ਸਰਕਾਰ ਇਸ ਕਦਮ ਖ਼ਿਲਾਫ਼ ਹੈ ਕਿਉਂਕਿ ਇਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਮੈਂ ਹੈਰਾਨ ਹਾਂ ਕਿ ਸੰਸਦ ਵਿੱਚ ਦਿੱਤੇ ਭਰੋਸੇ ਦੇ ਬਾਵਜੂਦ ਦਿੱਲੀ ਯੂਨੀਵਰਸਿਟੀ ਨੇ ਦੁਬਾਰਾ ਨਾਮ ਬਦਲਣ ਦਾ ਪ੍ਰਸਤਾਵ ਦਿੱਤਾ ਹੈ।’’ ਰਾਜ ਸਭਾ ’ਚ 19 ਦਸੰਬਰ 2017 ਨੂੰ ਕਾਂਗਰਸ ਦੇ ਆਨੰਦ ਸ਼ਰਮਾ, ਅੰਬਿਕਾ ਸੋਨੀ, ਆਸਕਰ ਫਰਨਾਂਡਿਜ਼, ਸ਼ਮਸ਼ੇਰ ਸਿੰਘ ਦੂਲੋ ਅਤੇ ਬੀ ਕੇ ਹਰੀਪ੍ਰਸਾਦ ਸਮੇਤ ਹੋਰਾਂ ਨੇ ਸ੍ਰੀ ਗੁਜਰਾਲ ਦੇ ਪੱਖ ਦੀ ਹਮਾਇਤ ਕੀਤੀ ਸੀ।

