ਭਾਰਤ-ਇਜ਼ਰਾਈਲ ਵਿਚਾਲੇ ਛੇਤੀ ਹੋਵੇਗਾ ਮੁਕਤ ਵਪਾਰ ਸਮਝੌਤਾ

News Online
2 Min Read

ਆਪਣਾ ਪੰਜਾਬ ਮੀਡੀਆ : ਭਾਰਤ ਤੇ ਇਜ਼ਰਾਈਲ ਨੇ ਵੀਰਵਾਰ ਨੂੰ ਆਪਣੇ ‘ਹੰਢੇ ਵਰਤੇ’ ਰਿਸ਼ਤੇ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਦੀ ਬੁਲੰਦੀ ’ਤੇ ਲਿਜਾਂਦਿਆਂ ਦੋਵਾਂ ਮੁਲਕਾਂ ਲਈ ‘ਪਰਸਪਰ ਲਾਹੇਵੰਦ’ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਅੰਤਿਮ ਰੂਪ ਦੇਣ ਦੀ ਸਹਿਮਤੀ ਦਿੱਤੀ ਹੈ। ਮੋਦੀ ਨੇ ਗਾਜ਼ਾ ਸ਼ਾਂਤੀ ਪਹਿਲਕਦਮੀ ਦੀ ਜ਼ੋਰਦਾਰ ਵਕਾਲਤ ਕੀਤੀ ਤੇ ਕਿਹਾ ਕਿ ਮਨੁੱਖਤਾ ਨੂੰ ਕਦੇ ਵੀ ਟਕਰਾਅ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ। ਦੋਵਾਂ ਮੁਲਕਾਂ ਨੇ ਮਸਨੂਈ ਬੌਧਿਕਤਾ, ਸਾਈਬਰ ਸੁਰੱਖਿਆ, ਸਿੱਖਿਆ, ਇਨੋਵੇਸ਼ਨ, ਖੇਤੀ, ਸਮੁੰਦਰੀ ਵਿਰਾਸਤ, ਵਣਜ ਤੇ ਹੋਰਨਾਂ ਖੇਤਰਾਂ ਵਿੱਚ ਕਈ ਸਮਝੌਤੇ ਸਹੀਬੰਦ ਕੀਤੇ। ਸਮਝੌਤਿਆਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਦੀ ਮੌਜੂਦਗੀ ਵਿੱਚ ਦੋਵਾਂ ਮੁਲਕਾਂ ਦੇ ਸਬੰਧਤ ਮੰਤਰੀਆਂ ਨੇ ਸਹੀ ਪਾਈ। ਦੋਵਾਂ ਦੇਸ਼ਾਂ ਨੇ ਭਾਰਤ ਦੇ ਐੱਨ ਪੀ ਸੀ ਆਈ ਅਤੇ ਇਜ਼ਰਾਈਲ ਦੇ ਮਸਾਵ ਦਰਮਿਆਨ ਯੂ ਪੀ ਆਈ ਸਿਸਟਮਾਂ ਨੂੰ ਲਿੰਕ ਕਰਨ ਲਈ ਵੀ ਸਮਝੌਤਾ ਕੀਤਾ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨਾਲ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ, ਜੋ ਰੱਖਿਆ ਤੇ ਸੁਰੱਖਿਆ, ਵਪਾਰ, ਤਕਨਾਲੋਜੀ ਤੇ ਖੇਤੀ ਦੇ ਖੇਤਰਾਂ ਵਿੱਚ ਦੁਵੱਲੇ ਰਿਸ਼ਤਿਆਂ ਨੂੰ ਹੁਲਾਰਾ ਦੇਣ ’ਤੇ ਕੇਂਦਰਤ ਸੀ। ਦੋਵਾਂ ਧਿਰਾਂ ਨੇ ਮੱਧ ਪੂਰਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰ ਵਟਾਂਦਰੇ ਸਣੇ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰਾ (ਆਈ ਐੱਮ ਈ ਸੀ) ਤੇ ਆਈ 2 ਯੂ 2 (ਭਾਰਤ-ਇਜ਼ਰਾਈਲ-ਯੂ ਏ ਈ-ਅਮਰੀਕਾ) ਚੌਖਟੇ ਤਹਿਤ ਸਹਿਯੋਗ ਨੂੰ ਅਮਲੀ ਰੂਪ ਦੇਣ ਬਾਰੇ ਵੀ ਚਰਚਾ ਕੀਤੀ।

Share This Article
Leave a Comment

Leave a Reply