ਆਪਣਾ ਪੰਜਾਬ ਮੀਡੀਆ : ਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਸਾਮ ਫੇਰੀ ਦੇ ਦੂਜੇ ਦਿਨ ਐਤਵਾਰ 6,957 ਕਰੋੜ ਰੁਪਏ ਦੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਅਤੇ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਨਾਗਾਓਂ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਜ਼ੀਰੰਗਾ ਕੋਰੀਡੋਰ ਹੜ੍ਹਾਂ ਦੌਰਾਨ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਸਰਕਾਰ ਦੇ ਯਤਨਾਂ ਨੇ ਇਹ ਯਕੀਨੀ ਬਣਾਇਆ ਕਿ 2025 ਵਿੱਚ ਕਾਜ਼ੀਰੰਗਾ ਰਾਸ਼ਟਰੀ ਪਾਰਕ ਵਿੱਚ ਸ਼ਿਕਾਰ ਕਾਰਨ ਕੋਈ ਵੀ ਗੈਂਡਾ ਨਾ ਮਾਰਿਆ ਜਾਵੇ।
ਇਸ ਦੌਰਾਨ ਸ੍ਰੀ ਮੋਦੀ ਨੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਉਸ ਨੇ ਉੱਤਰ-ਪੂਰਬੀ ਰਾਜ ਵਿੱਚ ਆਪਣੇ ਸ਼ਾਸਨ ਦੌਰਾਨ ਵੋਟਾਂ ਦੀ ਖ਼ਾਤਰ ਅਸਾਮ ਦੀ ਜ਼ਮੀਨ ਘੁਸਪੈਠੀਆਂ ਦੇ ਹਵਾਲੇ ਕਰ ਦਿੱਤੀ ਸੀ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਸਾਮ ਵਿੱਚ ਕਾਂਗਰਸ ਦੇ ਦਹਾਕਿਆਂ ਦੇ ਸ਼ਾਸਨ ਦੌਰਾਨ ਘੁਸਪੈਠ ਲਗਾਤਾਰ ਵਧਦੀ ਰਹੀ ਅਤੇ ਗੈਰ-ਕਾਨੂੰਨੀ ਪਰਵਾਸੀਆਂ ਨੇ ਜੰਗਲਾਂ, ਜਾਨਵਰਾਂ ਦੇ ਲਾਂਘਿਆਂ ਅਤੇ ਰਵਾਇਤੀ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲੇ ਘੁਸਪੈਠੀਆਂ ਨੂੰ ਬਾਹਰ ਕੱਢ ਕੇ ਅਸਾਮ ਦੀ ਪਛਾਣ ਅਤੇ ਸੱਭਿਆਚਾਰ ਦੀ ਰੱਖਿਆ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ‘ਨਕਾਰਾਤਮਕ ਰਾਜਨੀਤੀ’ ਕਰਕੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਅਤੇ ਹੁਣ ਭਾਜਪਾ ਦੇਸ਼ ਦੇ ਵੋਟਰਾਂ ਦੀ ‘ਪਹਿਲੀ ਪਸੰਦ’ ਬਣ ਗਈ ਹੈ।

