ਆਪਣਾ ਪੰਜਾਬ ਮੀਡੀਆ : ਇਰਾਨ ਅਤੇ ਹਰਮੁਜ਼ ਦੀ ਖਾੜੀ ਦੁਆਲੇ ਵਧਦੇ ਤਣਾਅ ਦੇ ਬਾਵਜੂਦ ਭਾਰਤ ਨੂੰ ਨੇੜਲੇ ਸਮੇਂ ਵਿੱਚ ਕੱਚੇ ਤੇਲ ਦੀ ਸਪਲਾਈ ਵਿੱਚ ਕੋਈ ਵੱਡੀ ਸਮੱਸਿਆ ਆਉਣ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਸਥਿਤੀ ਦਾ ਤੁਰੰਤ ਅਸਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ। ਇਸ ਹਫ਼ਤੇ ਕੱਚਾ ਤੇਲ ਲਗਭਗ 73 ਡਾਲਰ ਪ੍ਰਤੀ ਬੈਰਲ ਦੇ ਸੱਤ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ ਹੈ ਅਤੇ ਸਪਲਾਈ ਵਿੱਚ ਰੁਕਾਵਟ ਆਉਣ ਦੀ ਸੂਰਤ ਵਿੱਚ ਇਹ ਕੀਮਤ 80 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ।
ਅਧਿਕਾਰੀਆਂ ਮੁਤਾਬਕ ਭਾਰਤ ਕੋਲ ਮੌਜੂਦਾ ਸਮੇਂ ਵਿੱਚ ਕੱਚੇ ਤੇਲ ਦਾ ਭੰਡਾਰ ਘੱਟੋ-ਘੱਟ 10 ਦਿਨਾਂ ਦੀ ਲੋੜ ਪੂਰੀ ਕਰਨ ਲਈ ਕਾਫ਼ੀ ਹੈ, ਜਦਕਿ ਕੁਝ ਰਿਜ਼ਰਵ 5-7 ਦਿਨਾਂ ਲਈ ਵੀ ਵਰਤੇ ਜਾ ਸਕਦੇ ਹਨ। ਪੱਛਮੀ ਏਸ਼ੀਆ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਨੂੰ ਦੇਖਦਿਆਂ ਸਰਕਾਰ ਵੱਲੋਂ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਜੇਕਰ ਹਰਮੁਜ਼ ਖਾੜੀ ਰਾਹੀਂ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ ਤਾਂ ਅਮਰੀਕਾ, ਪੱਛਮੀ ਅਫਰੀਕਾ ਅਤੇ ਲਾਤੀਨੀ ਅਮਰੀਕਾ ਤੋਂ ਤੇਲ ਮੰਗਵਾਉਣ ਦੇ ਵਿਕਲਪ ਵਰਤੇ ਜਾ ਸਕਦੇ ਹਨ ਅਤੇ ਰੂਸ ਤੋਂ ਵੀ ਆਯਾਤ ਵਧਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਰਾਨ ਨੇ 28 ਫਰਵਰੀ ਨੂੰ ਕਿਹਾ ਸੀ ਕਿ ਅਮਰੀਕਾ-ਇਜ਼ਰਾਈਲ ਹਮਲਿਆਂ ਦੇ ਮੱਦੇਨਜ਼ਰ ਉਹ ਹਰਮੁਜ਼ ਖਾੜੀ ਨੂੰ ਬੰਦ ਕਰ ਸਕਦਾ ਹੈ। ਦੁਨੀਆ ਦੀ ਲਗਭਗ 20 ਫੀਸਦੀ ਤੇਲ ਸਪਲਾਈ ਇਸੇ ਜਲ ਮਾਰਗ ਰਾਹੀਂ ਹੁੰਦੀ ਹੈ। ਭਾਰਤ ਲਈ ਇਹ ਰਾਹ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਦੇਸ਼ ਦੀ ਲਗਭਗ 50 ਫੀਸਦੀ ਕੱਚੇ ਤੇਲ ਦੀ ਆਯਾਤ ਅਤੇ ਕਰੀਬ 60 ਫੀਸਦੀ ਐਲਐਨਜੀ ਸਪਲਾਈ ਇਰਾਕ, ਸਾਊਦੀ ਅਰਬ, ਯੂਏਈ ਅਤੇ ਕੁਵੈਤ ਤੋਂ ਇਸੇ ਰਸਤੇ ਰਾਹੀਂ ਆਉਂਦੀ ਹੈ।

