ਹੋਲਾ ਮਹੱਲਾ ਸਮਾਗਮਾਂ ’ਚ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ

News Online
1 Min Read

ਆਪਣਾ ਪੰਜਾਬ ਮੀਡੀਆ : ਪੰਜਾਬ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਸਮਾਗਮਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਵਾਰ ਸਰਕਾਰ ਨੇ ਸਮਾਗਮਾਂ ਵਿੱਚ ਸਿੰਗਲ ਯੂਜ਼ (ਇੱਕ ਵਾਰ ਵਰਤੋਂ ਯੋਗ) ਪਲਾਸਟਿਕ ’ਤੇ ਮੁਕੰਮਲ ਪਾਬੰਦੀ ਲਾਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਾਰੇ ਲੰਗਰ ਸਥਾਨਾਂ ’ਤੇ ਬਾਇਓਡੀਗ੍ਰੇਡੇਬਲ (ਵਾਤਾਵਰਨ ਅਨੁਕੂਲ) ਬਦਲ ਪ੍ਰਦਾਨ ਕਰਨ ਦਾ ਸਾਰਾ ਖਰਚਾ ਚੁੱਕੇਗਾ। ਸ੍ਰੀ ਆਨੰਦਪੁਰ ਸਾਹਿਬ ’ਚ ਸੰਗਤ ਲਈ ਸਥਾਈ ਟੈਂਟ ਸਿਟੀ ਬਣਾਈ ਗਈ ਹੈ।

ਟਰੈਕਟਰ-ਟਰਾਲੀਆਂ ਰਾਹੀਂ ਆਉਣ ਵਾਲੀ ਸੰਗਤ ਲਈ ਰੂਪਨਗਰ ਜ਼ਿਲ੍ਹੇ ਵਿੱਚ 28 ਪਾਰਕਿੰਗ ਜ਼ੋਨ ਅਤੇ ਦੋ ਵਿਸ਼ੇਸ਼ ‘ਟਰਾਲੀ ਸਿਟੀਜ਼’ ਸਥਾਪਤ ਕੀਤੀਆਂ ਗਈਆਂ ਹਨ। ਇਹ ਥਾਵਾਂ ਬਾਥਰੂਮ, ਸੀ ਸੀ ਟੀ ਵੀ ਨਿਗਰਾਨੀ ਅਤੇ ਜਾਣਕਾਰੀ ਦੇਣ ਵਾਲੀਆਂ ਐੱਲ ਈ ਡੀ ਸਕ੍ਰੀਨਾਂ ਨਾਲ ਲੈਸ ਹੋਣਗੀਆਂ। ਸਰਕਾਰ ਨੇ ਤਖ਼ਤ ਕੇਸਗੜ੍ਹ ਸਾਹਿਬ ਅਤੇ ਕਿਲ੍ਹਾ ਆਨੰਦਗੜ੍ਹ ਸਾਹਿਬ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ ਤੱਕ ਸੰਗਤ ਪਹੁੰਚਾਉਣ ਲਈ 100 ਈ-ਰਿਕਸ਼ਾ ਅਤੇ 16 ਸ਼ਟਲ ਬੱਸ ਸੇਵਾਵਾਂ ਚਲਾਉਣ ਦਾ ਪ੍ਰਬੰਧ ਕੀਤਾ ਹੈ। 21 ਆਮ ਆਦਮੀ ਕਲੀਨਿਕ ਵੀ ਸਥਾਪਤ ਕੀਤੀਆਂ ਗਈਆਂ ਹਨ। 3 ਮਾਰਚ ਨੂੰ ਵਿਰਾਸਤ-ਏ-ਖਾਲਸਾ ਵਿੱਚ ਸ਼ਾਮ ਵੇਲੇ ਆਤਿਸ਼ਬਾਜ਼ੀ ਕੀਤੀ ਜਾਵੇਗੀ। ਆਨੰਦਪੁਰ ਸਾਹਿਬ ਨੂੰ ਲਾਈਟਾਂ ਨਾਲ ਵੱਡੇ ਪੱਧਰ ’ਤੇ ਸਜਾਇਆ ਗਿਆ ਹੈ। ਭਾਈ ਜੈਤਾ ਜੀ ਅਜਾਇਬ ਘਰ ਅਤੇ ਹੋਰ ਥਾਵਾਂ ’ਤੇ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ।

Share This Article
Leave a Comment

Leave a Reply