ਆਪਣਾ ਪੰਜਾਬ ਮੀਡੀਆ : ਭਾਰਤ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਔਸਤਨ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਦਾ ਸਿੱਧਾ ਅਸਰ ਹੁਣ ਭਾਰਤੀ ਖਪਤਕਾਰਾਂ ਦੀ ਜੇਬ ’ਤੇ ਪੈਣ ਲੱਗ ਪਿਆ ਹੈ। ਅੱਜ ਹੋਏ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਪੈਟਰੋਲ 87 ਪੈਸੇ ਦੀ ਤੇਜ਼ੀ ਨਾਲ 97.77 ਰੁਪਏ ਤੋਂ ਵਧ ਕੇ 98.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 91 ਪੈਸੇ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।
ਦੇਸ਼ ਦੇ ਹੋਰਨਾਂ ਮਹਾਨਗਰਾਂ ਵਿੱਚ ਵੀ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਮੁੰਬਈ ਵਿੱਚ ਪੈਟਰੋਲ 91 ਪੈਸੇ ਦੇ ਵਾਧੇ ਨਾਲ 107.59 ਰੁਪਏ ਅਤੇ ਡੀਜ਼ਲ 94 ਪੈਸੇ ਦੀ ਮਾਰ ਨਾਲ 94.08 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਸਭ ਤੋਂ ਵੱਧ 96 ਪੈਸੇ ਦਾ ਵਾਧਾ ਦਰਜ ਕੀਤਾ ਗਿਆ, ਜਿੱਥੇ ਪੈਟਰੋਲ ਦੀ ਕੀਮਤ 109.70 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਚੇਨਈ ਵਿੱਚ ਪੈਟਰੋਲ 104.49 ਰੁਪਏ ਅਤੇ ਜੈਪੁਰ ਵਿੱਚ 108.91 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਛੂਹ ਗਿਆ ਹੈ। ਇੱਕ ਹਫ਼ਤੇ ਦੇ ਅੰਦਰ-ਅੰਦਰ ਜਨਤਾ ‘ਤੇ ਇਹ ਦੂਜੀ ਵੱਡੀ ਮਾਰ ਹੈ।

