ਲਿਖੇ ਪੱਤਰ ਵਿੱਚ ਕੈਲੀਫੋਰਨੀਆ ਦਾ ਕੰਟਰੋਲ ਵਾਪਿਸ ਕਰਨ ਲਈ ਕਿਹਾ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਤੇ ਲਾਸ ਏਂਜਲਸ ਵਿਚ ਨੈਸ਼ਨਲ ਗਾਰਡ ਪੁਜ ਗਏ ਹਨ ਜਦ ਕਿ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਨਿਰੰਤਰ ਜਾਰੀ ਹੈ। ਪ੍ਰਦਰਸ਼ਨਕਾਰੀਆਂ ਤੇ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਜਵਾਨਾਂ ਵਿਚਾਲੇ ਤਾਜਾ ਝੜਪਾਂ ਹੋਣ ਦੀਆਂ ਖਬਰਾਂ ਹਨ। ਲਾਸ ਏਂਜਲਸ ਦੀ ਮੇਅਰ ਕਾਰੇਨ ਬਾਸ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਵੱਲੋਂ ਪ੍ਰਗਟਾਏ ਤਿੱਖੇ ਪ੍ਰਤੀਕਰਮ ਦੇ ਬਾਵਜੂਦ ਟਰੰਪ ਨੇ ਲਾਸ ਏਂਜਲਸ ਵਿਚ 2000 ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਆਦੇਸ਼ ਦਿੱਤਾ ਹੈ।
ਗਵਰਨਰ ਨੇ ਲਿਖੇ ਇਕ ਪੱਤਰ ਵਿਚ ਫੌਜ ਦੀ ਤਾਇਨਾਤੀ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਟਰੰਪ ਪ੍ਰਸ਼ਾਸਨ ਕੋਲੋਂ ਇਸ ਸਬੰਧੀ ਜਾਰੀ ਆਦੇਸ਼ ਵਾਪਿਸ ਲੈਣ ਦੀ ਮੰਗ ਕੀਤੀ ਹੈ। ਗਵਰਨਰ ਨੇ ਕਿਹਾ ਹੈ ਕਿ ਟਰੰਪ ਦਾ ਨਿਰਨਾ ਰਾਜ ਦੀ ਪ੍ਰਭੂਸੱਤਾ ਦੀ ਗੰਭੀਰ ਉਲੰਘਣਾ ਹੈ। ਉਨਾਂ ਨੇ ਮੰਗ ਕੀਤੀ ਹੈ ਕਿ ਨਿਯੰਤਰਣ ਕੈਲੀਫੋਰਨੀਆ ਨੂੰ ਵਾਪਿਸ ਕੀਤਾ ਜਾਵੇ। ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਕਰਨ ਲਈ ਡਾਊਨ ਟਾਊਨ ਲਾਸ ਏਂਜਲਸ ਵਿਚ ਸੈਂਕੜੇ ਲੋਕ ਇੱਕਠੇ ਹੋਏ ਤੇ ਉਨਾਂ ਨੇ ਟਰੰਪ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ। ਲਾਸ ਏਂਜਲਸ ਪੁਲਿਸ ਵਿਭਾਗ ਨੇ ਪਾਈ ਇਕ ਸੋਸ਼ਲ ਪੋਸਟ ਵਿਚ ਕਿਹਾ ਹੈ ਕਿ ਹਰ ਇਕ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰੰਤੂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਜਾਂ ਅਫਸਰਾਂ ਉਪਰ ਹਮਲਾ ਕਰਨਾ ਸਹਿਣ ਨਹੀਂ ਕੀਤਾ ਜਾਵੇਗਾ।