ਆਪਣਾ ਪੰਜਾਬ ਮੀਡੀਆ : ਕਲੋਡੀਨ ਲੋਂਗੇ, ਜੋ ਆਪਣੇ ਸਮੇਂ ਦੀ ਮਸ਼ਹੂਰ ਫਰਾਂਸੀਸੀ ਗਾਇਕਾ ਅਤੇ ਅਦਾਕਾਰਾ ਰਹੀ, ਦਾ 84 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਆਪਣੇ ਓਲੰਪਿਕ ਸਕੀਅਰ ਬੁਆਏਫ੍ਰੈਂਡ ਵਲਾਦੀਮੀਰ ਸਪਾਈਡਰ ਸਾਬਿਚ ਦੀ ਗੋਲੀ ਲੱਗਣ ਨਾਲ ਮੌਤ ਦੇ ਮਾਮਲੇ ਕਾਰਨ ਵੀ ਦੁਨੀਆ ਭਰ ਵਿੱਚ ਚਰਚਾ ਵਿੱਚ ਰਹੀ ਸੀ।ਉਨ੍ਹਾਂ ਦੇ ਭਤੀਜੇ ਬ੍ਰਾਇਨ ਲੋਂਗੇ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਹਾਲਾਂਕਿ ਮੌਤ ਦਾ ਕਾਰਨ ਜਨਤਕ ਨਹੀਂ ਕੀਤਾ ਗਿਆ। ਪੈਰਿਸ ਵਿੱਚ ਜਨਮੀ ਕਲੋਡੀਨ ਲੋਂਗੇ ਨੇ ਬਚਪਨ ਤੋਂ ਹੀ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਉਹ ਕਈ ਟੀਵੀ ਸ਼ੋਅਜ਼ ਅਤੇ ਐਲਬਮਾਂ ਲਈ ਮਸ਼ਹੂਰ ਰਹੀ। 1968 ਦੀ ਫਿਲਮ “ਦ ਪਾਰਟੀ” ਵਿੱਚ ਗਾਇਆ ਗਿਆ ਉਨ੍ਹਾਂ ਦਾ ਗੀਤ “ਨਥਿੰਗ ਟੂ ਲੂਜ਼” ਕਾਫ਼ੀ ਲੋਕਪ੍ਰਿਯ ਹੋਇਆ ਸੀ। ਕਲੋਡੀਨ ਪਹਿਲਾਂ ਮਸ਼ਹੂਰ ਗਾਇਕ ਐਂਡੀ ਵਿਲੀਅਮਜ਼ ਨਾਲ ਵਿਆਹੀ ਹੋਈ ਸੀ, ਪਰ ਬਾਅਦ ਵਿੱਚ ਦੋਵਾਂ ਦਾ ਤਲਾਕ ਹੋ ਗਿਆ।
ਇਸ ਤੋਂ ਬਾਅਦ ਉਹ ਕੋਲੋਰਾਡੋ ਦੇ ਐਸਪਨ ਵਿੱਚ ਸਕੀਅਰ ਸਾਬਿਚ ਨਾਲ ਰਹਿਣ ਲੱਗ ਪਈ। 21 ਮਾਰਚ 1976 ਨੂੰ ਸਾਬਿਚ ਨੂੰ ਉਨ੍ਹਾਂ ਦੇ ਘਰ ਵਿੱਚ ਗੋਲੀ ਲੱਗੀ ਸੀ। ਕਲੋਡੀਨ ਨੇ ਕਿਹਾ ਸੀ ਕਿ ਇਹ ਹਾਦਸਾ ਸੀ ਅਤੇ ਬੰਦੂਕ ਸਾਬਿਚ ਉਨ੍ਹਾਂ ਨੂੰ ਦਿਖਾ ਰਹੇ ਸਨ। ਇਹ ਮਾਮਲਾ ਕਾਫ਼ੀ ਚਰਚਾ ਵਿੱਚ ਰਿਹਾ।1977 ਵਿੱਚ ਅਦਾਲਤ ਨੇ ਉਨ੍ਹਾਂ ਨੂੰ “ਨੇਗਲਿਜੈਂਟ ਹੋਮਿਸਾਈਡ” ਦਾ ਦੋਸ਼ੀ ਕਰਾਰ ਦਿੱਤਾ ਸੀ। ਉਨ੍ਹਾਂ ਨੂੰ ਦੋ ਸਾਲ ਪ੍ਰੋਬੇਸ਼ਨ, 250 ਡਾਲਰ ਜੁਰਮਾਨਾ ਅਤੇ 30 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।ਇਸ ਮਾਮਲੇ ਤੋਂ ਬਾਅਦ ਕਲੋਡੀਨ ਲੋਂਗੇ ਦਾ ਮਨੋਰੰਜਨ ਕਰੀਅਰ ਲਗਭਗ ਖਤਮ ਹੋ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਵਕੀਲ ਰੌਨ ਆਸਟਿਨ ਨਾਲ ਵਿਆਹ ਕਰ ਲਿਆ ਅਤੇ ਐਸਪਨ ਵਿੱਚ ਰਹਿਣ ਲੱਗੀ।

