ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀਰਵਾਰ ਨੂੰ ਦੇਸ਼ ਦੀ ਨਵੀਂ “ਨੈਸ਼ਨਲ ਇਲੈਕਟ੍ਰਿਸਿਟੀ ਏਜੰਡਾ” ਰਣਨੀਤੀ ਦਾ ਐਲਾਨ ਕਰਨ ਜਾ ਰਹੇ ਹਨ। ਇਸ ਯੋਜਨਾ ਦਾ ਮਕਸਦ 2050 ਤੱਕ ਕੈਨੇਡਾ ਦੀ ਬਿਜਲੀ ਸਮਰੱਥਾ ਨੂੰ ਦੁੱਗਣਾ ਕਰਨਾ ਹੈ। ਸਰਕਾਰੀ ਸੂਤਰਾਂ ਅਨੁਸਾਰ, ਇਹ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪਾਵਰ ਗ੍ਰਿਡ ਵਿਸਥਾਰ ਹੋਵੇਗਾ।
ਯੋਜਨਾ ਅਧੀਨ ਸਾਫ਼ ਊਰਜਾ ਵੱਲ ਬਦਲਾਅ ਕਰਦੇ ਹੋਏ ਲੋਕਾਂ ਲਈ ਬਿਜਲੀ ਨੂੰ ਸਸਤਾ ਅਤੇ ਭਰੋਸੇਯੋਗ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਨਾਲ 2050 ਤੱਕ 70 ਫੀ ਸਦੀ ਘਰਾਂ ਦੇ ਊਰਜਾ ਖਰਚੇ ਘਟਣਗੇ। ਇਸਦੇ ਨਾਲ ਹੀ 2028 ਤੱਕ ਲੱਗਭਗ 30 ਹਜ਼ਾਰ ਨਵੀਆਂ ਨੌਕਰੀਆਂ ਅਤੇ 2050 ਤੱਕ ਇੱਕ ਲੱਖ ਹੋਰ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਯੋਜਨਾ ਚਾਰ ਮੁੱਖ ਹਿੱਸਿਆਂ ‘ਤੇ ਆਧਾਰਿਤ ਹੋਵੇਗੀ — ਬਿਜਲੀ ਢਾਂਚੇ ਦਾ ਵਿਸਥਾਰ, ਦੇਸ਼ ਭਰ ਦੇ ਪਾਵਰ ਗ੍ਰਿਡਾਂ ਨੂੰ ਨਵੀਆਂ ਟ੍ਰਾਂਸਮਿਸ਼ਨ ਲਾਈਨਾਂ ਰਾਹੀਂ ਜੋੜਨਾ, ਤਕਨੀਕੀ ਕਰਮਚਾਰੀਆਂ ਦੀ ਭਰਤੀ ਅਤੇ ਘਰੇਲੂ ਤੌਰ ‘ਤੇ ਜ਼ਰੂਰੀ ਤਕਨਾਲੋਜੀ ਅਤੇ ਉਪਕਰਣ ਤਿਆਰ ਕਰਨਾ। ਇਸ ਐਲਾਨ ਤੋਂ ਇੱਕ ਦਿਨ ਬਾਅਦ ਅਤੇ ਫੈਡਰਲ ਸਰਕਾਰ ਵਿਚਕਾਰ ਉਦਯੋਗਿਕ ਕਾਰਬਨ ਕੀਮਤ ਸਬੰਧੀ ਸਮਝੌਤੇ ਦੀ ਵੀ ਉਮੀਦ ਕੀਤੀ ਜਾ ਰਹੀ ਹੈ, ਜੋ ਪੱਛਮੀ ਤਟ ਤੱਕ ਪਾਈਪਲਾਈਨ ਪ੍ਰੋਜੈਕਟ ਲਈ ਅਹਿਮ ਮੰਨਿਆ ਜਾ ਰਿਹਾ ਹੈ।

