ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਗਾਰਡਨ ਗਰੋਵ ਵਿੱਚ ਸਥਿਤ ਇੱਕ ਐਰੋਸਪੇਸ ਫੈਕਟਰੀ ਵਿੱਚ ਵੱਡਾ ਰਸਾਇਣਕ ਹਾਦਸਾ ਵਾਪਰਨ ਦਾ ਖ਼ਤਰਾ ਪੈਦਾ ਹੋ ਗਿਆ ਹੈ। GKN ਐਰੋਸਪੇਸ ਪਲਾਂਟ ਦੇ ਇੱਕ ਟੈਂਕਰ ਵਿੱਚ ਲਗਭਗ 7,000 ਗੈਲਨ ਅਤਿ ਜ਼ਹਿਰੀਲਾ ਅਤੇ ਜਲਣਸ਼ੀਲ ਕੈਮੀਕਲ ‘ਮਿਥਾਇਲ ਮੈਥਾਕ੍ਰਾਈਲੇਟ’ ਮੌਜੂਦ ਹੈ। ਇਸ ਟੈਂਕਰ ਦਾ ਤਾਪਮਾਨ ਅਤੇ ਅੰਦਰੂਨੀ ਦਬਾਅ ਅਚਾਨਕ ਬਹੁਤ ਜ਼ਿਆਦਾ ਵਧਣ ਕਾਰਨ ਧਮਾਕੇ ਅਤੇ ਜ਼ਹਿਰੀਲੀ ਗੈਸ ਲੀਕ ਹੋਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਇਲਾਕੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਲਗਭਗ 50,000 ਸਥਾਨਕ ਲੋਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਟੈਂਕਰ ਵਿੱਚ ਦੇਖੀ ਗਈ ਤਰੇੜ; ਬਚਾਅ ਕਾਰਜ ਜਾਰੀ
ਔਰੇਂਜ ਕਾਉਂਟੀ ਫ਼ਾਇਰ ਅਥਾਰਟੀ ਮੁਤਾਬਕ ਰਾਤ ਵੇਲੇ ਟੈਂਕਰ ਵਿੱਚ ਇੱਕ ਤਰੇੜ ਦੇਖੀ ਗਈ ਹੈ, ਜਿਸ ਨਾਲ ਅੰਦਰੂਨੀ ਦਬਾਅ ਘੱਟ ਹੋਣ ਕਾਰਨ ਵੱਡੇ ਧਮਾਕੇ ਦੀ ਸੰਭਾਵਨਾ ਤਾਂ ਘਟ ਸਕਦੀ ਹੈ, ਪਰ ਕੈਮੀਕਲ ਦੇ ਹੌਲੀ-ਹੌਲੀ ਲੀਕ ਹੋਣ ਦਾ ਖ਼ਤਰਾ ਵਧ ਗਿਆ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਰਸਾਇਣ ਦੇ ਸੰਪਰਕ ਵਿੱਚ ਆਉਣ ਨਾਲ ਸਾਹ ਲੈਣ ਵਿੱਚ ਤਕਲੀਫ਼, ਅੱਖਾਂ-ਚਮੜੀ ‘ਚ ਜਲਣ ਅਤੇ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਫਿਲਹਾਲ ਫਾਇਰਫਾਈਟਰਜ਼ ਟੈਂਕਰ ਨੂੰ ਠੰਡਾ ਰੱਖਣ ਲਈ ਲਗਾਤਾਰ ਪਾਣੀ ਦਾ ਛਿੜਕਾਅ ਕਰ ਰਹੇ ਹਨ ਅਤੇ ਰਸਾਇਣ ਨੂੰ ਜਲ ਸਰੋਤਾਂ ਵਿੱਚ ਜਾਣ ਤੋਂ ਰੋਕਣ ਲਈ ਸੁਰੱਖਿਆ ਕੰਧਾਂ ਬਣਾਈਆਂ ਗਈਆਂ ਹਨ। ਹਵਾ ਵਿੱਚ ਅਜੇ ਕਿਸੇ ਜ਼ਹਿਰੀਲੀ ਗੈਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਸੁਰੱਖਿਆ ਵਜੋਂ ਹਜ਼ਾਰਾਂ ਲੋਕਾਂ ਨੂੰ ਸ਼ੈਲਟਰਾਂ ਵਿੱਚ ਭੇਜਿਆ ਗਿਆ ਹੈ।

