ਭਗਤ ਸਿੰਘ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਹੋਰ ਹੋਣਾ ਸੀ: ਭਗਵੰਤ ਮਾਨ

News Online
3 Min Read

ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਇਤੀ ਪਾਰਟੀਆਂ ਵੱਲੋਂ ਸੂਬੇ ਦੀ ਵਿਗਾੜੀ ਆਰਥਿਕਤਾ ਨੂੰ ਦਰੁਸਤ ਕਰਨ ਅਤੇ ਪੰਜਾਬ ਨੂੰ ਪੱਕੇ ਪੈਰੀਂ ਕਰਨ ਲਈ ਅਗਲੇ ਪੰਜ ਸਾਲ ਦਾ ਸਮਾਂ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਭਗਤ ਸਿੰਘ ਨੂੰ ਸ਼ਹੀਦ ਨਾ ਕੀਤਾ ਹੁੰਦਾ ਅਤੇ ਉਨ੍ਹਾਂ ਨੂੰ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਦਾ ਤਾਂ ਦੇਸ਼ ਦੀ ਤਸਵੀਰ ਵੱਖਰੀ ਹੋਣੀ ਸੀ। ਉਹ ਇਥੇ 21.65 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸਬ-ਡਿਵੀਜ਼ਨਲ ਤੇ ਜੱਚਾ-ਬੱਚਾ ਹਸਪਤਾਲ ਦੀ ਨਵੀਂ ਇਮਾਰਤ ਉਦਘਾਟਨ ਕਰਨ ਆਏ ਸਨ। ਉਨ੍ਹਾਂ ਆਪਣੇ ਕਾਰਜਕਾਲ ਦਾ ਚੌਥਾ ਵਰ੍ਹਾ ਪੂਰਾ ਹੋਣ ’ਤੇ ਆਪਣੇ ਹਲਕੇ ਧੂਰੀ ’ਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ‘ਸਰਕਾਰ ਦੇ ਚਾਰ ਸਾਲ, ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ’ ਬੈਨਰ ਹੇਠ ਚੋਣ ਵਰ੍ਹੇ ਦੀ ਪਲੇਠੀ ਵੱਡੀ ਰੈਲੀ ਨਾਲ ਆਪਣੇ ਕਾਰਜਕਾਲ ਦੇ ਆਖਰੀ ਵਰ੍ਹੇ ਦਾ ਸ਼ੁਭ ਆਗਾਜ਼ ਕੀਤਾ।

ਧੂਰੀ ਦੀ ਦਾਣਾ ਮੰਡੀ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਲੇ ਲਈ 2027 ਤੋਂ ਅਗਲੇ ਪੰਜ ਸਾਲ ਦਾ ਕਾਰਜਕਾਲ ‘ਆਪ’ ਸਰਕਾਰ ਨੂੰ ਹੋਰ ਦੇਣ। ਸ਼੍ਰੀ ਮਾਨ ਨੇ ਕਿਹਾ ਕਿ ਲੋਕ ਕਦੇ ਨਹੀਂ ਭੁੱਲ ਸਕਦੇ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਤਕਰੀਬਨ ਸਾਢੇ ਸੱਤ ਸੌ ਕਿਸਾਨਾਂ ਦੀਆਂ ਲਾਸ਼ਾਂ ਦਿੱਲੀਓਂ ਪੰਜਾਬ ਆਈਆਂ ਸਨ। ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸੀ ਪਹਿਲਾਂ ਵੀ ਰਲੇ ਹੋਏ ਸਨ, ਅੱਜ ਵੀ ਰਲੇ ਹੋਏ ਹਨ ਅਤੇ ਇਨ੍ਹਾਂ ਸਾਰੇ ਸਿਆਸੀ ਆਗੂਆਂ ਦੀ ਜ਼ੁਬਾਨ ’ਤੇ ਆਮ ਲੋਕਾਂ ਦੇ ਧੀਆਂ ਪੁੱਤਾਂ ਤੇ ਵਰਕਰਾਂ ਦੀ ਗੱਲ ਕਰਨ ਵਾਲੇ ਸਿਰਫ਼ ਭਗਵੰਤ ਮਾਨ ਦਾ ਹੀ ਨਾਮ ਹੈ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਸੀ ਅਤੇ ਉਹ 23 ਮਾਰਚ 1931 ਨੂੰ ਸਿਰਫ਼ ਸਾਢੇ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਭਜਾਉਣ ਲਈ ਜੰਗ ਲੜੀ। ਉਨ੍ਹਾਂ ਕਿਹਾ ਕਿ ਜੇ ਕਿਤੇ ਉਹ ਸ਼ਹੀਦ ਨਾ ਹੁੰਦੇ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣਦੇ ਤਾਂ ਦੇਸ਼ ਦਾ ਨਕਸ਼ਾ ਹੋਰ ਹੀ ਹੋਣਾ ਸੀ।’’

ਇਸ ਮੌਕੇ ਹਾਜ਼ਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ‘ਆਪ’ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਸੂਬਾਈ ਆਗੂ ਬਲਤੇਜ ਸਿੰਘ ਪੰਨੂ, ਕੁਲਵੰਤ ਸਿੰਘ ਪੰਡੋਰੀ, ਲਾਭ ਸਿੰਘ ਉੱਗੋਕੇ, ਨਰਿੰਦਰ ਕੌਰ ਭਰਾਜ, ਜਮੀਲ-ਉਰ ਰਹਿਮਾਨ, ਜਸਵੰਤ ਸਿੰਘ ਗੱਜਣਮਾਜਰਾ (ਸਾਰੇ ਵਿਧਾਇਕ) ਆਦਿ ਵੀ ਹਾਜ਼ਰ ਸਨ।

Share This Article
Leave a Comment

Leave a Reply