ਆਪਣਾ ਪੰਜਾਬ ਮੀਡੀਆ : ਕੈਨੇਡਾ ਕ੍ਰਿਕਟ ਟੀਮ ਦੇ ਪੰਜਾਬੀ ਮੂਲ ਦੇ ਖਿਡਾਰੀ ਯੁਵਰਾਜ ਸਿੰਘ ਸਮਰਾ ਨੇ ਅੱਜ ਇਥੇ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ ਅਤੇ ਟੀ-20 ਵਿਸ਼ਵ ਕੱਪ ਵਿੱਚ ਮਿਲੀ ਸਫ਼ਲਤਾ ਲਈ ਸ਼ੁਕਰਾਨਾ ਕੀਤਾ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਮੈਚ ਦੌਰਾਨ ਸ਼ਾਨਦਾਰ ਸੈਂਕੜਾ ਜੜ ਕੇ ਕ੍ਰਿਕਟ ਜਗਤ ਵਿੱਚ ਆਪਣੀ ਪਛਾਣ ਬਣਾਈ ਹੈ।
ਅੱਜ ਉਹ ਆਪਣੀ ਮਾਂ ਅਤੇ ਦਾ ਦੇ ਸਮੇਤ ਦਰਬਾਰ ਸਾਹਿਬ ਪੁੱਜਿਆ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਉਸ ਦਾ ਸਨਮਾਨ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਯੁਵਰਾਜ ਨੇ ਦੱਸਿਆ ਕਿ ਉਸ ਦਾ ਪਰਿਵਾਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਉਹ ਹਰ ਸਾਲ ਅਭਿਆਸ ਲਈ ਪੰਜਾਬ ਆਉਂਦਾ ਹੈ। ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਉਸ ਦਾ ਆਦਰਸ਼ ਹੈ। ਦੋਵੇਂ ਖਿਡਾਰੀ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਤੇਜ਼ ਖੇਡਣ ਵਿੱਚ ਮਾਹਿਰ ਹਨ। ਉਸ ਨੇ ਆਉਣ ਵਾਲੇ ਦਿਨਾਂ ਵਿੱਚ ਯੁਵਰਾਜ ਸਿੰਘ ਨਾਲ ਸਾਂਝਾ ਅਭਿਆਸ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ।
ਭਾਰਤੀ ਕ੍ਰਿਕਟ ਟੀਮ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਇਹ ਵਿਸ਼ਵ ਦੀ ਬਿਹਤਰੀਨ ਟੀਮ ਹੈ ਅਤੇ ਉਸ ਦੀ ਦਿਲੀ ਖਾਹਿਸ਼ ਹੈ ਕਿ ਭਾਰਤ ਇਸ ਵਾਰ ਵਿਸ਼ਵ ਚੈਂਪੀਅਨ ਬਣੇ। ਉਸ ਨੇ ਵੈਸਟ ਇੰਡੀਜ਼ ਖ਼ਿਲਾਫ਼ ਭਾਰਤ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਯੁਵਰਾਜ ਦੀ ਮਾਤਾ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਪੂਰੇ ਪਰਿਵਾਰ ਨੇ ਸਖ਼ਤ ਮਿਹਨਤ ਕੀਤੀ ਹੈ।

