ਨਵੀਂ ਸਰਕਾਰ ਨੇ ਧਾਰਮਿਕ ਪਹਿਰਾਵੇ ’ਤੇ ਪਾਬੰਦੀ ਨੂੰ ਦੱਸਿਆ ਚੋਣ ਵਾਅਦਾ; ਸਿੱਖ, ਮੁਸਲਿਮ ਅਤੇ ਯਹੂਦੀ ਭਾਈਚਾਰਿਆਂ ਵੱਲੋਂ ਵਿਰੋਧ, ਧਾਰਮਿਕ ਆਜ਼ਾਦੀ ਅਤੇ ਸਿੱਖਿਆ ਦੇ ਅਧਿਕਾਰਾਂ ’ਤੇ ਉੱਠੇ ਸਵਾਲ
ਮਾਂਟਰੀਅਲ — ਆਪਣਾ ਪੰਜਾਬ ਮੀਡੀਆ ਕੈਨੇਡਾ ਦੇ ਕਿਊਬੈਕ ਸੂਬੇ ਦੀ ਨਵੀਂ ਬਣੀ ਪਾਰਟੀ ਕਿਊਬੈਕਵਾ (Parti Québécois) ਸਰਕਾਰ ਨੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵੱਲੋਂ ਧਾਰਮਿਕ ਚਿੰਨ੍ਹ ਅਤੇ ਪਹਿਰਾਵੇ ਪਹਿਨਣ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਸਤਾਵ ਦਾ ਸਭ ਤੋਂ ਵੱਧ ਅਸਰ ਸਿੱਖ ਬੱਚਿਆਂ ਦੀਆਂ ਦਸਤਾਰਾਂ, ਮੁਸਲਿਮ ਵਿਦਿਆਰਥੀਆਂ ਦੇ ਹਿਜਾਬ ਅਤੇ ਨਕਾਬ ਅਤੇ ਯਹੂਦੀ ਬੱਚਿਆਂ ਦੀਆਂ ਕਿੱਪਾਹ ’ਤੇ ਪੈ ਸਕਦਾ ਹੈ। ਕਿਊਬੈਕ ਦੇ ਸਿੱਖਿਆ ਮੰਤਰੀ ਜੋਏਲ ਆਰਸੇਨੋ ਨੇ ਕਿਹਾ ਹੈ ਕਿ ਸਰਕਾਰ ਇਸ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਮੁਤਾਬਕ ਇਹ ਪਾਬੰਦੀ ਸੂਬੇ ਵਿੱਚ ਧਰਮ-ਨਿਰਪੱਖਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਯੋਜਨਾ ਦਾ ਹਿੱਸਾ ਹੈ। ਪਾਰਟੀ ਕਿਊਬੈਕਵਾ ਨੇ ਚੋਣ ਪ੍ਰਚਾਰ ਦੌਰਾਨ ਹੀ ਸਕੂਲੀ ਬੱਚਿਆਂ ਦੇ ਧਾਰਮਿਕ ਚਿੰਨ੍ਹ ਪਹਿਨਣ ’ਤੇ ਰੋਕ ਲਗਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਸਰਕਾਰ ਵੱਲੋਂ ਅਜੇ ਤੱਕ ਇਸ ਸਬੰਧੀ ਕਾਨੂੰਨ ਦਾ ਪੂਰਾ ਖਰੜਾ ਪੇਸ਼ ਨਹੀਂ ਕੀਤਾ ਗਿਆ ਅਤੇ ਨਾ ਹੀ ਪਾਬੰਦੀ ਲਾਗੂ ਹੋਣ ਦੀ ਤਾਰੀਖ਼ ਐਲਾਨੀ ਗਈ ਹੈ। ਸੂਬਾਈ ਵਿਧਾਨ ਸਭਾ ਦਾ ਅਗਲਾ ਸੈਸ਼ਨ 17 ਨਵੰਬਰ ਤੋਂ ਸ਼ੁਰੂ ਹੋਣਾ ਤੈਅ ਹੈ।
ਇਸ ਪ੍ਰਸਤਾਵ ਖ਼ਿਲਾਫ਼ ਕੈਨੇਡਾ ਦੇ ਵੱਖ-ਵੱਖ ਧਾਰਮਿਕ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਆਵਾਜ਼ ਉਠਾਈ ਹੈ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਮਜ਼ ਦੇ ਪ੍ਰਧਾਨ ਸਟੀਫਨ ਬ੍ਰਾਊਨ ਨੇ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਾਰਨ ਸਕੂਲਾਂ ਵਿੱਚ ਪਾਬੰਦੀਆਂ ਦਾ ਸਾਹਮਣਾ ਕਰਵਾਉਣਾ ਧਾਰਮਿਕ ਘੱਟਗਿਣਤੀਆਂ ਨਾਲ ਭੇਦਭਾਵ ਦੇ ਬਰਾਬਰ ਹੋ ਸਕਦਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਅਜਿਹੇ ਕਦਮ ਨਾਲ ਬੱਚਿਆਂ ਦੇ ਧਾਰਮਿਕ ਆਜ਼ਾਦੀ ਅਤੇ ਬਰਾਬਰ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਪ੍ਰਭਾਵਿਤ ਹੋ ਸਕਦੇ ਹਨ।


