37.43 ਲੱਖ ਤੋਂ ਵੱਧ ਮਹਿਲਾਵਾਂ ਦੇ ਖਾਤਿਆਂ ਵਿੱਚ 1,291 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਪਹੁੰਚਣ ’ਤੇ ਮੁੱਖ ਮੰਤਰੀ ਨੇ ਮੋਬਾਈਲ ਫੋਨਾਂ ’ਤੇ ਆਉਣ ਵਾਲੇ ਬੈਂਕ SMS ਅਲਰਟ ਨੂੰ ਕਿਹਾ ‘ਟੂੰ-ਟੂੰ’; ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਮਹਿਲਾਵਾਂ ਦੀ ਆਰਥਿਕ ਆਜ਼ਾਦੀ ਨਾਲ ਜੋੜਿਆ
ਅਬੋਹਰ — ਆਪਣਾ ਪੰਜਾਬ ਮੀਡੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਬੋਹਰ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਟਰਾਂਸਫਰ ਹੋਣ ਨੂੰ ਆਪਣੇ ਵਿਲੱਖਣ ਅੰਦਾਜ਼ ਵਿੱਚ ‘ਟੂੰ-ਟੂੰ’ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮਹਿਲਾਵਾਂ ਦੇ ਮੋਬਾਈਲ ਫੋਨਾਂ ’ਤੇ ਬੈਂਕ ਖਾਤਿਆਂ ਵਿੱਚ ਪੈਸੇ ਆਉਣ ਦੇ ਸੁਨੇਹੇ ਪਹੁੰਚਦੇ ਹਨ ਤਾਂ ਫੋਨ ਦੀ ‘ਟੂੰ-ਟੂੰ’ ਉਨ੍ਹਾਂ ਲਈ ਖੁਸ਼ੀ ਦਾ ਸੰਦੇਸ਼ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 37.43 ਲੱਖ ਤੋਂ ਵੱਧ ਮਹਿਲਾਵਾਂ ਦੇ ਖਾਤਿਆਂ ਵਿੱਚ 1,291 ਕਰੋੜ ਰੁਪਏ ਦੀ ਰਾਸ਼ੀ ਸਿੱਧੀ ਭੇਜੀ ਗਈ ਹੈ।
ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਯੋਜਨਾ ਸਿਰਫ਼ ਵਿੱਤੀ ਸਹਾਇਤਾ ਦੇਣ ਤੱਕ ਸੀਮਤ ਨਹੀਂ, ਸਗੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਉਨ੍ਹਾਂ ਦੇ ਆਤਮ-ਸਨਮਾਨ ਨੂੰ ਵਧਾਉਣ ਦਾ ਉਪਰਾਲਾ ਹੈ। ਉਨ੍ਹਾਂ ਅਨੁਸਾਰ ਸਰਕਾਰ ਦਾ ਟੀਚਾ ਪੰਜਾਬ ਦੀਆਂ ਇੱਕ ਕਰੋੜ ਮਹਿਲਾਵਾਂ ਨੂੰ ਇਸ ਯੋਜਨਾ ਦੇ ਘੇਰੇ ਵਿੱਚ ਲਿਆਉਣਾ ਹੈ ਅਤੇ 29 ਅਕਤੂਬਰ ਤੱਕ 80 ਲੱਖ ਤੋਂ ਵੱਧ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਯੋਗ ਮਹਿਲਾਵਾਂ ਨੂੰ ਸਹਾਇਤਾ ਦਾ ਲਾਭ ਵੱਖਰੇ ਤੌਰ ’ਤੇ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਕਿਸ਼ਤ ਸਮੇਤ ਹੁਣ ਤੱਕ ਇਸ ਯੋਜਨਾ ਅਧੀਨ 3,934.80 ਕਰੋੜ ਰੁਪਏ ਮਹਿਲਾਵਾਂ ਨੂੰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਕਿਸ਼ਤ 1 ਦਸੰਬਰ ਨੂੰ ਅਤੇ ਇਸ ਤੋਂ ਬਾਅਦ 1 ਜਨਵਰੀ ਨੂੰ ਤਿੰਨ ਮਹੀਨਿਆਂ ਦੀ ਸਹਾਇਤਾ ਇਕੱਠੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜਣ ਦੀ ਯੋਜਨਾ ਹੈ।


