ਹਰਿਆਣਾ ਦੇ ਮੁੱਖ ਮੰਤਰੀ ਸੈਣੀ ਤਿੰਨ ਰੋਜ਼ਾ ਦੌਰੇ ਲਈ ਪੁੱਜੇ ਸਿੰਗਾਪੁਰ
ਚੰਡੀਗਡ਼੍: ਆਪਣਾ ਪੰਜਾਬ ਮੀਡੀਆ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤਿੰਨ ਰੋਜ਼ਾ ਦੌਰੇ ਲਈ ਸਿੰਗਾਪੁਰ ਪਹੁੰਚ ਗਏ ਹਨ। ਅੱਜ ਨਾਇਬ ਸੈਣੀ ਨੇ ਸਿੰਗਾਪੁਰ ਸਥਿਤ ਪ੍ਰਸਿੱਧ ‘ਸਨਟੇਕ ਸਿਟੀ’ ਦਾ ਦੌਰਾ ਕੀਤਾ ਅਤੇ ਉੱਥੇ ਸੰਚਾਲਿਤ ਕਨਵੈਨਸ਼ਨ ਸੈਂਟਰ ਦੀਆਂ ਸਹੂਲਤਾਂ, ਉਸਾਰੀ ਦੀ ਤਕਨੀਕ, ਆਧੁਨਿਕ ਇੰਜਨੀਅਰਿੰਗ ਅਤੇ ਪ੍ਰਬੰਧਨ ਵਿਵਸਥਾ ਦੀ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਗੁਰੂਗ੍ਰਾਮ ਵਿੱਚ 25 ਏਕੜ ਖੇਤਰ ਵਿੱਚ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਬਣਾਇਆ ਜਾਵੇਗਾ, ਜਿਸ ਨੂੰ ਸਿੰਗਾਪੁਰ ਦੀ ਤਰਜ਼ ’ਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਇੱਥੇ ਵੱਡੇ ਕੌਮਾਂਤਰੀ ਸੰਮੇਲਨ, ਵਪਾਰਕ ਮੀਟਿੰਗਾਂ, ਪ੍ਰਦਰਸ਼ਨੀਆਂ ਅਤੇ ਆਲਮੀ ਪੱਧਰ ਦੇ ਹੋਰ ਸਮਾਗਮ ਕੀਤੇ ਜਾ ਸਕਣ। ਸ੍ਰੀ ਸੈਣੀ ਨੇ ਕਿਹਾ ਕਿ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਦੀ ਉਸਾਰੀ ਨਾਲ ਗੁਰੂਗ੍ਰਾਮ ਦੀ ਕੌਮਾਂਤਰੀ ਪਛਾਣ ਹੋਰ ਮਜ਼ਬੂਤ ਹੋਵੇਗੀ ਅਤੇ ਰਾਜ ਵਿੱਚ ਨਿਵੇਸ਼ ਅਤੇ ਕਾਰੋਬਾਰੀ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਇਸ ਦਾ ਸਕਾਰਾਤਮਕ ਪ੍ਰਭਾਵ ਹਰਿਆਣਾ ਦੀ ਅਰਥਵਿਵਸਥਾ ’ਤੇ ਪਵੇਗਾ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਮਾਨੇਸਰ ਵਿੱਚ ਅਤਿ-ਆਧੁਨਿਕ ਢਾਂਚਾ ਵਿਕਸਤ ਕਰਨ ਦੇ ਨਾਲ-ਨਾਲ ਵੱਡੇ ਪਾਰਕ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਨਾਲ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਰਫ਼ਤਾਰ ਮਿਲੇਗੀ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਦੇ ਨਾਲ-ਨਾਲ ਹਰਿਆਵਲ ਅਤੇ ਖੁੱਲ੍ਹਾ ਵਾਤਾਵਰਨ ਮੁਹੱਈਆ ਕਰਵਾਇਆ ਜਾਵੇਗਾ।


