ਆਪਣੇ ਹੱਕਾਂ ਦੀ ਰਾਖੀ ਔਰਤਾਂ ਨੂੰ ਖੁਦ ਕਰਨੀ ਪਵੇਗੀ: ਕੰਵਲਜੀਤ ਢਿੱਲੋਂ
ਬਰੈਂਪਟਨ : ਆਪਣਾ ਪੰਜਾਬ ਮੀਡੀਆ : ਬਰੈਂਪਟਨ ਵਿਚ ਹੋ ਰਹੀ ਔਰਤਾਂ ਦੇ ਹੱਕਾਂ ਬਾਰੇ ਕਾਨਫਰੰਸ ਦੇ ਅੱਜ ਦੂਜੇ ਦਿਨ ਵਿਦਵਾਨਾਂ ਵਲੋਂ ਤਿੰਨ ਸੈਸ਼ਨਾਂ ਵਿਚ ਔਰਤ ਦੇ ਵੱਖ-ਵੱਖ ਮਸਲਿਆਂ ’ਤੇ ਪਰਚੇ ਪੜ੍ਹੇ ਗਏ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਵਿਦਵਾਨਾਂ ਵਿਚ ਪੁਸ਼ਪਿੰਦਰ ਕੌਰ ਸਿਆਲ, ਪ੍ਰਿੰਸੀਪਲ ਲਵਲੀ ਸਲੂਜਾ, ਕੰਵਲਜੀਤ ਕੌਰ ਢਿੱਲੋਂ, ਸੁੱਚਾ ਸਿੰਘ ਗਿੱਲ, ਪਰਮਜੀਤ ਕੌਰ ਦਿਓਲ , ਸੁਖਵੀਰ ਸਿੰਘ ਅਮਰੀਕਾ, ਸੋਹਣ ਸਿੰਘ, ਡਾ. ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਡਾ. ਸੁਖਦੇਵ ਸਿੰਘ, ਬਲਵੀਰ ਕੌਰ ਰਾਏਕੋਟੀ, ਪਰਮ ਸਰਾਂ, ਗੁਰਬਖਸ਼ ਸਿੰਘ ਭੰਡਾਲ, ਤਾਹਿਰਾ ਸਰਾਂ ਲਾਹੌਰ, ਬਾਬਾ ਨਜ਼ਮੀ, ਪ੍ਰੋ ਜਗੀਰ ਸਿੰਘ, ਹਰਜੀਤ ਗਿੱਲ ਪੱਤਰਕਾਰ, ਡਾ. ਦਵਿੰਦਰ ਸਿੰਘ ਪੀ ਏ ਯੂ, ਡਾ ਦਰਸ਼ਨਦੀਪ ਅਰੋੜਾ, ਵਰਿਆਮ ਸੰਧੂ, ਡਾ. ਆਤਮਜੀਤ , ਉਂਕਾਰ ਪਾਤਰ, ਸੁਰਜੀਤ ਕੌਰ ਆਦਿ ਸ਼ਾਮਿਲ ਸਨ।
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਔਰਤ ਦੇ ਹੱਕਾਂ ਬਾਰੇ ਕੈਨੇਡਾ ਵਿੱਚ ਚਰਚਾ ਕਰਨਾ ਸ਼ਲਾਘਾਯੋਗ ਉੱਦਮ ਹੈ। ਔਰਤ ਪੜ੍ਹ ਲਿਖ ਵੀ ਗਈ ਹੈ ਫੇਰ ਵੀ ਬਹੁ ਗਿਣਤੀ ਆਪਣੀ ਜ਼ਿੰਦਗੀ ਲਈ ਖ਼ੁਦ ਫੈਸਲਾ ਨਹੀਂ ਲੈ ਸਕਦੀ। ਸਮਾਜ ਨੂੰ ਔਰਤ ਨੂੰ ਰੁਜ਼ਗਾਰ ਮੁਖੀ ਬਣਾਉਣਾ ਪਵੇਗਾ। ਜਿਵੇਂ ਜਿਵੇਂ ਔਰਤਾਂ ਆਰਥਿਕ ਤੌਰ ’ਤੇ ਮਜ਼ਬੂਤ ਹੋਣਗੀਆਂ ਉਵੇ ਔਰਤਾਂ ਵਿੱਚ ਸਵੈਵਿਸ਼ਵਾਸ ਵਧੇਗਾ। ਇਹ ਤਦ ਹੀ ਸੰਭਵ ਹੈ ਜੇ ਹਰ ਲੜਕੀ ਪੜ੍ਹ ਜਾਵੇ। ਪੰਜਾਬ ਸਰਕਾਰ ਔਰਤਾਂ ਦੀ ਪੜਾਈ ਵੱਲ ਉਚੇਚਾ ਧਿਆਨ ਦੇ ਰਹੀ ਹੈ। ਆਰਥਿਕ ਤੌਰ ’ਤੇ ਪਛੜੀਆਂ ਔਰਤਾਂ ਲਈ ਪੈਨਸ਼ਨ ਸਕੀਮ ਜਾਰੀ ਕੀਤੀ ਹੈ।
ਉਨ੍ਹਾਂ ਦਲਬੀਰ ਕਥੂਰੀਆ ਦੀ ਸਮਾਜ ਲਈ ਦੇਣ ’ਤੇ ਸ਼ਲਾਘਾ ਕੀਤੀ। ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਕਿਸੇ ਸਮਾਜ ਦੀ ਤਰੱਕੀ ਔਰਤ ’ਤੇ ਨਿਰਭਰ ਹੈ।
ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਅੱਗੇ ਲਿਜਾਣ ਲਈ ਔਰਤਾਂ ਨੇ ਮੋਹਰੀ ਰੋਲ ਅਦਾ ਕੀਤਾ ਹੈ ਪਰ ਦੁੱਖ ਹੈ ਕਿ ਸਮਾਜ ਦਾ ਸਿਤਮ ਵੀ ਔਰਤ ਨੂੰ ਹੀ ਸਹਿਣਾ ਪੈ ਰਿਹਾ ਹੈ। ਮਰਦ ਪ੍ਰਧਾਨ ਸਮਾਜ ਕਾਰਨ ਵਿਕਸਿਤ ਦੇਸ਼ ਕੈਨੇਡਾ ਵਿੱਚ ਘਰੇਲੂ ਕਲੇਸ਼ਾਂ ਵਿੱਚ ਪਿਛਲੋ 20 ਸਾਲਾਂ ਵਿੱਚ 45 ਪੰਜਾਬਣਾਂ ਦੇ ਕਤਲ ਹੋਏ ਹਨ। ਪੰਜਾਬ ਕਿਸ ਨੰਬਰ ਖੜ੍ਹਾ ਹੈ ਉਸ ਦਾ ਅੰਦਾਜ਼ਾ ਰੋਜ਼ਾਨਾ ਦੀਆਂ ਖਬਰਾਂ ਤੋਂ ਭਲੀ ਭਾਂਤ ਲੱਗ ਸਕਦਾ ਹੈ। ਅੱਜ ਜਗੀਰੂ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ । ਜਾਤਪਾਤ ਖਿਲਾਫ ਬਾਬੇ ਨਾਨਕ ਵਾਲੀ ਸੋਚ ਤੇ ਲਹਿਰ ਨੂੰ ਪ੍ਰਚੰਡ ਕਰਨਾ ਪਵੇਗਾ।
ਡਾ ਬਲਵਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਨਸਲੀ ਵਿਤਕਰੇ ਵੱਧ ਰਹੇ ਹਨ।
ਪਰਮਜੀਤ ਕੌਰ ਦਿਓਲ ਨੇ ਲੋਕ-ਧਾਰਾ ਵਿੱਚ ਔਰਤ ਦੇ ਅਕਸ ਬਾਰੇ ਗੱਲ ਕਰਦਿਆਂ ਕਿਹਾ ਕਿ ਔਰਤ ਦੀ ਪੀੜ ਲੋਕ ਸਾਹਿਤ ਵਿੱਚ ਬਾਖੂਬੀ ਪ੍ਰਗਟ ਹੁੰਦੀ ਹੈ ਪਰ ਫੇਰ ਵੀ ਔਰਤ ਦਾ ਜਿਗਰਾ ਹੈ ਕਿ ਉਹ ਹਰ ਹਾਲਤ ਜਿਉਣ ਨੂੰ ਤਰਜੀਹ ਦਿੰਦੀ ਆ ਰਹੀ ਹੈ।
ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਲੋਕ ਲਹਿਰਾਂ ਵਿਚ ਔਰਤਾਂ ਦੇ ਯੋਗਦਾਨ ਨੂੰ ਘਟਾਇਆ ਨਹੀਂ ਜਾ ਸਕਦਾ ।
ਕਾਨਫਰੰਸ ਵਿਚ ਰਿੰਟੂ ਭਾਟੀਆ, ਮੋਹਨਪ੍ਰੀਤ ਪੱਤੜ, ਇੰਦਰਜੀਤ ਬੱਲ, ਵਰਿੰਦਰ ਸਿੰਘ ਪੱਤਰਕਾਰ, ਸਾਧੂ ਰਾਮ ਲੰਗੇਆਣਾ, ਗੁਰਜਤਿੰਦਰ ਰੰਧਾਵਾ , ਰੂਪ ਕਾਹਲੋਂ ,ਸੁੰਦਰਪਾਲ ਰਾਜਾਸ਼ਾਸੀ , ਸ਼ਤੀਸ਼ ਗੁਲਾਟੀ, ਅਤੈ ਸਿੰਘ ਸੰਧੂ, ਡਾ ਪ੍ਰਗਟ ਸਿੰਘ ਬੱਗਾ, ਮੋਹਨ ਗਿੱਲ ਸ੍ਰੀ, ਡਾ ਸੁਖਨੈਨ ਗਾਇਕ ਹਾਜ਼ਰ ਸਨ। ਸਭਾ ਦੇ ਚੇਅਰਮੈਨ ਦਲਬੀਰ ਕਥੂਰੀਆਂ ਨੇ ਧੰਨਵਾਦ ਕੀਤਾ।
ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵਿਚ ਲੋਕਾਂ ਨੇ ਵੱਧ ਚੜ੍ਹ ਕੇ ਦਿਲਚਸਪੀ ਵਿਖਾਈ। ਸਤੀਸ਼ ਗੁਲਾਟੀ ਨੇ ਦੱਸਿਆ ਕਿ ਪ੍ਰਦਰਸ਼ਨੀ ਪੰਜਾਬੀ ਭਵਨ ਵਿਚ ਹੀ 11 ਅਕਤੂਬਰ ਤੱਕ ਜਾਰੀ ਰਹੇਗੀ।


