‘ਸਾਡੇ ਪੁੱਤ ਦੀ ਮੌਤ ਵਿਅਰਥ ਨਾ ਜਾਵੇ’, ਨਿਊਯਾਰਕ ਸਿਟੀ ਕੌਂਸਲ ਕੋਲ ਘੋੜਾ-ਬੱਗੀਆਂ ‘ਤੇ ਪਾਬੰਦੀ ਦੀ ਮੰਗ
ਨਿਊਯਾਰਕ : ਆਪਣਾ ਪੰਜਾਬ ਮੀਡੀਆ : ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਘੋੜਾ-ਬੱਗੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ 18 ਸਾਲਾ ਭਾਰਤੀ ਨੌਜਵਾਨ ਰੋਮਾਂਚ ਮਹਾਜਨ ਦੇ ਮਾਪਿਆਂ ਨੇ ਨਿਊਯਾਰਕ ਸਿਟੀ ਕੌਂਸਲ ਅੱਗੇ ਭਾਵੁਕ ਅਪੀਲ ਕਰਦਿਆਂ ਘੋੜਾ-ਬੱਗੀ ਸੇਵਾ ‘ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਰੋਮਾਂਚ ਦੇ ਪਿਤਾ ਦੀਪਕ ਮਹਾਜਨ ਨੇ ਕਿਹਾ ਕਿ ਜੇ ਪਹਿਲਾਂ ਪ੍ਰਸਤਾਵਿਤ ਕਾਨੂੰਨ ਲਾਗੂ ਹੋ ਜਾਂਦਾ ਤਾਂ ਉਨ੍ਹਾਂ ਦਾ ਪੁੱਤਰ ਅੱਜ ਜ਼ਿੰਦਾ ਹੁੰਦਾ। ਉਨ੍ਹਾਂ ਨੇ ਕਿਹਾ, “ਸਾਡੇ ਪੁੱਤ ਦੀ ਮੌਤ ਵਿਅਰਥ ਨਾ ਜਾਣ ਦਿਓ, ਹੁਣ ਕਾਰਵਾਈ ਕਰੋ।” ਪਿਛਲੇ ਮਹੀਨੇ ਪਰਿਵਾਰ ਸੈਰ ਦੌਰਾਨ ਘੋੜਾ ਅਚਾਨਕ ਬੇਕਾਬੂ ਹੋ ਗਿਆ ਸੀ ਅਤੇ ਰੋਮਾਂਚ ਆਪਣੀ ਮਾਂ ਨੂੰ ਬਚਾਉਂਦੇ ਹੋਏ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ “ਰੋਮਾਂਚਜ਼ ਲਾਅ” ਦੇ ਨਾਂ ਹੇਠ ਘੋੜਾ-ਬੱਗੀ ਸੇਵਾ ਖ਼ਤਮ ਕਰਨ ਲਈ ਨਵਾਂ ਬਿੱਲ ਵਿਚਾਰ ਅਧੀਨ ਹੈ। ਕਈ ਕੌਂਸਲ ਮੈਂਬਰਾਂ ਅਤੇ ਪਸ਼ੂ ਅਧਿਕਾਰ ਸੰਗਠਨਾਂ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ ਹੈ, ਜਦਕਿ ਬੱਗੀ ਉਦਯੋਗ ਨਾਲ ਜੁੜੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।


