ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਬੀਤੇ ਦਿਨ ਇੱਕ ਹੋਰ ਮੈਡੀਕਲ ਜਾਂਚ ਹੋਈ, ਜਿਸ ਕਾਰਨ ਉਮਰ ਸਬੰਧੀ ਚਿੰਤਾਵਾਂ ਨੂੰ ਖ਼ਾਰਜ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। 79 ਸਾਲਾ ਰਾਸ਼ਟਰਪਤੀ ਨੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਬਿਤਾਇਆ, ਜਿਸ ਨੂੰ ਵ੍ਹਾਈਟ ਹਾਊਸ ਨੇ ਰੋਕਥਾਮ ਸਬੰਧੀ ਮੈਡੀਕਲ ਅਤੇ ਦੰਦਾਂ ਦੀ ਜਾਂਚ ਦੱਸਿਆ ਹੈ।
ਦੂਜੇ ਕਾਰਜਕਾਲ ਲਈ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਦੀ ਇਹ ਚੌਥੀ ਜਨਤਕ ਤੌਰ ’ਤੇ ਐਲਾਨੀਆ ਮੈਡੀਕਲ ਜਾਂਚ ਸੀ ਅਤੇ ਇਹ ਜਾਂਚ ਅਜਿਹੇ ਸਮੇਂ ਐਲਾਨੀ ਗਈ ਹੈ ਜਦੋਂ ਉਹ ਮੱਧਕਾਲੀ ਚੋਣਾਂ ਤੋਂ ਪਹਿਲਾਂ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਨ੍ਹਾਂ ਆਪਣਾ ‘6 ਮਹੀਨਿਆਂ ਦਾ ਸਰੀਰਕ ਨਿਰੀਖਣ’ ਪੂਰਾ ਕੀਤਾ ਹੈ ਅਤੇ ‘ਸਭ ਕੁਝ ਬਿਲਕੁਲ ਸਹੀ ਰਿਹਾ।’

