ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਖੰਭਾ-ਮੁਕਤ ਪਿੰਡਾਂ ਵਾਲਾ ਸੂਬਾ ਬਣਾਉਣ ਲਈ ਅੱਜ ਆਪਣੇ ਜੱਦੀ ਪਿੰਡ ਸਤੌਜ ਵਿੱਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ (ਜ਼ਮੀਨਦੋਜ਼) ਪਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਆਪਣੀ ਕਿਸਮ ਦੀ ਨਿਵੇਕਲੀ ਸ਼ੁਰੂਆਤ ਕੀਤੀ। ਇਸ ਪ੍ਰਾਜੈਕਟ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਧੁਨਿਕ ਬੁਨਿਆਦੀ ਢਾਂਚੇ, ਨਿਰਵਿਘਨ ਬਿਜਲੀ ਸਪਲਾਈ ਅਤੇ ਸੁਰੱਖਿਅਤ ਪਿੰਡਾਂ ‘ਤੇ ਅਧਾਰਿਤ ‘ਰੌਸ਼ਨ ਪੰਜਾਬ’ ਦੀ ਸ਼ੁਰੂਆਤ ਦੱਸਿਆ।
‘ਸਤੌਜ ਮਾਡਲ’ ਨੂੰ ਪੂਰੇ ਦੇਸ਼ ਲਈ ਮਿਸਾਲ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਪਿੰਡਾਂ ਨੂੰ ਤਾਰਾਂ ਮੁਕਤ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਇਸ ਪਾਇਲਟ ਪ੍ਰਾਜੈਕਟ ਤਹਿਤ ਸਤੌਜ ਵਿੱਚ ਬਿਜਲੀ ਦੀਆਂ ਉਪਰੋਂ ਲੰਘਦੀਆਂ ਤਾਰਾਂ ਨੂੰ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ਼ ਕੀਤਾ ਜਾਵੇਗਾ। ਇਹ ਦੇਸ਼ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ ਅਤੇ ਇਸ ਪਹਿਲਕਦਮੀ ਨਾਲ ਪੰਜਾਬ ਪੂਰੇ ਦੇਸ਼ ਲਈ ਮਾਡਲ ਪ੍ਰਾਜੈਕਟ ਵਜੋਂ ਉਭਰੇਗਾ। ਉਨ੍ਹਾਂ ਦੱਸਿਆ, ‘‘ਪ੍ਰਾਜੈਕਟ ਤਹਿਤ 800 ਖਪਤਕਾਰਾਂ ਦੇ ਘਰਾਂ ਨੂੰ ਜੋੜਨ ਵਾਲੀ 41 ਕਿਲੋਮੀਟਰ ਸਰਵਿਸ ਕੇਬਲ ਜ਼ਮੀਨਦੋਜ਼ ਵਿਛਾਈ ਜਾਵੇਗੀ।
ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਮੀਂਹ ਤੇ ਤੇਜ਼ ਹਵਾਵਾਂ ਹੁਣ ਬਿਜਲੀ ਸਪਲਾਈ ਵਿੱਚ ਵਿਘਨ ਨਹੀਂ ਪਾ ਸਕਣਗੀਆਂ। ਆਪਣੇ ਪਿੰਡ ਦੀ ਦੁਖਦਾਈ ਘਟਨਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ‘‘ਇਸ ਪਿੰਡ ਦੇ ਤਿੰਨ ਨੌਜਵਾਨਾਂ ਦੀ ਕੰਬਾਈਨਾਂ ਨਾਲ ਬਿਜਲੀ ਦਾ ਕਰੰਟ ਲੱਗਣ ਕਾਰਨ ਜਾਨ ਚਲੀ ਗਈ ਸੀ। ਇਹ ਪ੍ਰਾਜੈਕਟ ਉਨ੍ਹਾਂ ਨੌਜਵਾਨਾਂ ਨੂੰ ਸ਼ਰਧਾਂਜਲੀ ਹੈ।’’ ਇਸ ਪਹਿਲਕਦਮੀ ਨੂੰ ਦੇਸ਼ ਲਈ ਬਦਲਾਅ ਦਾ ਮਾਡਲ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਲਈ ਪੂਰੇ ਦੇਸ਼ ਵਿੱਚ ‘ਸਤੌਜ ਮਾਡਲ’ ਜਾਣਿਆ ਜਾਵੇਗਾ।

