ਐਫਬੀਆਈ ਨੇ ਇਰਾਨ ਲਈ ਜਾਸੂਸੀ ਕਰਨ ਵਾਲੀ ਸਾਬਕਾ ਅਮਰੀਕੀ ਅਧਿਕਾਰੀ ਸਿਰ ਰੱਖਿਆ 2 ਲੱਖ ਡਾਲਰ ਦਾ ਇਨਾਮ

News Online
2 Min Read

ਆਪਣਾ ਪੰਜਾਬ ਮੀਡੀਆ : ਐਫਬੀਆਈ ਨੇ ਇਰਾਨ ਲਈ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਮਰੀਕੀ ਹਵਾਈ ਫੌਜ ਦੀ ਸਾਬਕਾ ਖੁਫੀਆ ਅਧਿਕਾਰੀ ਮੋਨਿਕਾ ਵਿੱਟ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਅਮਰੀਕੀ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਐਫਬੀਆਈ ਮੁਤਾਬਕ ਮੋਨਿਕਾ ਵਿੱਟ 2013 ਵਿੱਚ ਅਮਰੀਕਾ ਛੱਡ ਕੇ ਇਰਾਨ ਚਲੀ ਗਈ ਸੀ ਅਤੇ ਉਸ ‘ਤੇ ਇਰਾਨ ਨੂੰ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਏਜੰਸੀ ਦਾ ਕਹਿਣਾ ਹੈ ਕਿ ਉਹ ਅਜੇ ਵੀ ਇਰਾਨ ਦੀਆਂ “ਖ਼ਤਰਨਾਕ ਗਤੀਵਿਧੀਆਂ” ਵਿੱਚ ਸਹਾਇਤਾ ਕਰ ਰਹੀ ਹੋ ਸਕਦੀ ਹੈ।

ਐਫਬੀਆਈ ਦੇ ਵਾਸ਼ਿੰਗਟਨ ਫੀਲਡ ਦਫ਼ਤਰ ਦੇ ਕਾਊਂਟਰ ਇੰਟੈਲੀਜੈਂਸ ਡਿਵੀਜ਼ਨ ਦੇ ਮੁਖੀ ਡੈਨੀਅਲ ਵੀਅਰਜ਼ਬਿਕੀ ਨੇ ਕਿਹਾ ਕਿ “ਇਰਾਨ ਨਾਲ ਚੱਲ ਰਹੇ ਤਣਾਅ ਦੇ ਇਸ ਮਹੱਤਵਪੂਰਨ ਸਮੇਂ ਵਿੱਚ ਕੋਈ ਨਾ ਕੋਈ ਵਿਅਕਤੀ ਜ਼ਰੂਰ ਹੈ ਜਿਸਨੂੰ ਵਿੱਟ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹੋਵੇਗੀ।” ਮੋਨਿਕਾ ਵਿੱਟ ਪਹਿਲਾਂ ਏਅਰ ਫੋਰਸ ਆਫਿਸ ਆਫ ਸਧੈਸ਼ਲ ਇਨਵੈਸਟੀਗੇਸ਼ਨ ਵਿੱਚ ਕਾਊਂਟਰ ਇੰਟੈਲੀਜੈਂਸ ਅਧਿਕਾਰੀ ਰਹਿ ਚੁੱਕੀ ਹੈ। 2003 ਤੋਂ 2008 ਤੱਕ ਉਸ ਨੇ ਮੱਧ ਪੂਰਬ ਵਿੱਚ ਖੁਫੀਆ ਮਿਸ਼ਨਾਂ ‘ਤੇ ਕੰਮ ਕੀਤਾ ਸੀ। 2019 ਵਿੱਚ ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਇਰਾਨ ਨੇ ਵਿੱਟ ਨੂੰ ਆਪਣੇ ਲਈ ਕੰਮ ਕਰਨ ਲਈ ਭਰਤੀ ਕੀਤਾ।

ਇਲਜ਼ਾਮਾਂ ਅਨੁਸਾਰ, ਉਸ ਨੇ ਅਮਰੀਕਾ ਦੇ ਗੁਪਤ ਖੁਫੀਆ ਪ੍ਰੋਗਰਾਮਾਂ ਅਤੇ ਇੱਕ ਖੁਫੀਆ ਅਧਿਕਾਰੀ ਦੀ ਪਛਾਣ ਇਰਾਨ ਨਾਲ ਸਾਂਝੀ ਕੀਤੀ, ਜਿਸ ਨਾਲ ਉਸ ਅਧਿਕਾਰੀ ਦੀ ਜਾਨ ਨੂੰ ਖ਼ਤਰਾ ਪੈਦਾ ਹੋਇਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਇਰਾਨੀ ਅਧਿਕਾਰੀਆਂ ਨੇ ਵਿੱਟ ਨੂੰ ਰਹਿਣ ਲਈ ਘਰ, ਕੰਪਿਊਟਰ ਸਾਜ਼ੋ-ਸਾਮਾਨ ਅਤੇ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਸਨ। ਇਸ ਮਾਮਲੇ ਵਿੱਚ ਚਾਰ ਇਰਾਨੀ ਨਾਗਰਿਕਾਂ ‘ਤੇ ਵੀ ਸਾਈਬਰ ਹਮਲਿਆਂ ਅਤੇ ਪਛਾਣ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ।

Share This Article
Leave a Comment

Leave a Reply