ਆਪਣਾ ਪੰਜਾਬ ਮੀਡੀਆ : ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਭਾਰਤ ਦੌਰੇ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਰਿਸ਼ਤੇ ਹੋਣ ਦਾ ਦਾਅਵਾ ਕਰਦਿਆਂ ਭਰੋਸਾ ਦਿੱਤਾ ਕਿ ਬਾਹਰੀ ਮੁਕਾਬਲੇਬਾਜ਼ੀ ਅਤੇ ਦਬਾਅ ਦੇ ਬਾਵਜੂਦ ਭਾਰਤ ਨਾਲ ਹੋਏ ਊਰਜਾ ਸਪਲਾਈ ਸਬੰਧੀ ਸਾਰੇ ਸਮਝੌਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਮੁਕਾਬਲੇਬਾਜ਼ੀ ਕਾਰਨ ਭਾਰਤ ਦੇ ਹਿੱਤ ਪ੍ਰਭਾਵਿਤ ਨਾ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਲਾਵਰੋਵ ਨੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਵੱਧ ਊਰਜਾਵਾਨ ਆਗੂ ਕਰਾਰ ਦਿੱਤਾ। ਲਾਵਰੋਵ ਨੇ ਤਾਮਿਲਨਾਡੂ ਵਿੱਚ ਕੁਡਨਕੁਲਮ ਪਰਮਾਣੂ ਪਾਵਰ ਪਲਾਂਟ ਨੂੰ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਰੂਸ ਗੈਸ, ਤੇਲ ਅਤੇ ਕੋਲੇ ਵਰਗੇ ਹਾਈਡ੍ਰੋਕਾਰਬਨ ਦੀ ਸਪਲਾਈ ਲਗਾਤਾਰ ਜਾਰੀ ਰੱਖੇਗਾ।

