ਆਪਣਾ ਪੰਜਾਬ ਮੀਡੀਆ : ਭਾਰਤ ਅਤੇ ਚੀਨ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਨਾਲ ਸਬੰਧਤ ਮੁੱਦਿਆਂ ਬਾਰੇ ਇਥੇ ਪਲੇਠੀ ਬੈਠਕ ਕਰ ਕੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਐੱਸ ਸੀ ਓ ਆਗੂਆਂ ਦੇ ਫ਼ੈਸਲਿਆਂ ਅਤੇ ਸੰਗਠਨ ਦੇ ਭਵਿੱਖ ਦੀ ਰਣਨੀਤੀ ਲਾਗੂ ਕਰਨ ਬਾਰੇ ਦੋਵੇਂ ਮੁਲਕਾਂ ਨੇ ਆਪੋ-ਆਪਣੇ ਵਿਚਾਰ ਪ੍ਰਗਟਾਏ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਦੋਵੇਂ ਧਿਰਾਂ ਐੱਸ ਸੀ ਓ ਢਾਂਚੇ ਤਹਿਤ ਆਪਸੀ ਸਹਿਯੋਗ ਅਤੇ ਵਿਚਾਰ ਵਟਾਂਦਰਾ ਜਾਰੀ ਰੱਖਣ ਲਈ ਸਹਿਮਤ ਹੋਈਆਂ ਹਨ।
ਦੋਵੇਂ ਮੁਲਕਾਂ ਵਿਚਾਲੇ 16 ਅਤੇ 17 ਅਪਰੈਲ ਨੂੰ ਨਵੀਂ ਦਿੱਲੀ ’ਚ ਮੀਟਿੰਗ ਹੋਈ। ਭਾਰਤ ਵੱਲੋਂ ਐੱਸ ਸੀ ਓ ਕੌਮੀ ਤਾਲਮੇਲ ਅਧਿਕਾਰੀ ਆਲੋਕ ਏ ਡਿਮਰੀ ਅਤੇ ਚੀਨ ਦੇ ਕੌਮੀ ਤਾਲਮੇਲ ਅਧਿਕਾਰੀ ਯਾਨ ਵੇਨਬਿਨ ਨੇ ਆਪੋ-ਆਪਣੇ ਮੁਲਕਾਂ ਦੇ ਵਫ਼ਦਾਂ ਦੀ ਅਗਵਾਈ ਕੀਤੀ। ਦੋਵੇਂ ਵਫ਼ਦਾਂ ਨੇ ਸਕੱਤਰ (ਪੱਛਮ) ਸਿਬੀ ਜੌਰਜ ਨਾਲ ਵੀ ਮੁਲਾਕਾਤ ਕਰ ਕੇ ਐੱਸ ਸੀ ਓ ਢਾਂਚੇ ਤਹਿਤ ਜਾਰੀ ਸਹਿਯੋਗ ਦੀ ਨਜ਼ਰਸਾਨੀ ਕੀਤੀ। ਵਫ਼ਦਾਂ ਨੇ ਸੁਰੱਖਿਆ, ਵਪਾਰ, ਸੰਪਰਕ ਅਤੇ ਲੋਕਾਂ ਵਿਚਾਲੇ ਰਾਬਤੇ ਜਿਹੇ ਖੇਤਰਾਂ ’ਚ ਸਹਿਯੋਗ ਹੋਰ ਵਧਾਉਣ ਬਾਰੇ ਵੀ ਚਰਚਾ ਕੀਤੀ।

