ਬਰੈਂਪਟਨ ਸਿਟੀ ਕੌਂਸਲ ਕੰਪਲੈਕਸ ’ਚ ਨਿਸ਼ਾਨ ਸਾਹਿਬ ਚੜ੍ਹਾਇਆ

News Online
2 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਸੂਬਿਆਂ ਵੱਲੋਂ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦਿੱਤੇ ਜਾਣ ਤੋਂ ਬਾਅਦ ਹਰੇਕ ਸਾਲ ਮਨਾਉਣ ਦੀ ਲੜੀ ਵਜੋਂ ਅੱਜ ਬਰੈਂਪਟਨ ਦੇ ਸਿਟੀ ਕੌਂਸਲ ਕੰਪਲੈਕਸ ਵਿੱਚ ਵੱਡਾ ਇਕੱਠ ਕਰ ਕੇ ਖਾਲਸਈ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਦੁਨੀਆ ਦੇ ਲੋਕਾਂ ਨੂੰ ਏਕਤਾ, ਇਨਸਾਨੀਅਤ ਅਤੇ ਸਭ ਦੇ ਸਤਿਕਾਰ ਦਾ ਸੁਨੇਹਾ ਦਿੰਦਾ ਹੈ, ਇਸ ਲਈ ਨਿਸ਼ਾਨ ਸਾਹਿਬ ਨੂੰ ਸਤਿਕਾਰ ਦੇਣਾ ਵੀ ਸਭ ਦਾ ਫ਼ਰਜ਼ ਹੈ। ਹਰੇਕ ਸਾਲ ਵਾਂਗ ਨਿਸ਼ਾਨ ਸਾਹਿਬ ਇੱਥੇ ਪੂਰਾ ਮਹੀਨਾ ਝੂਲਦਾ ਰਹੇਗਾ। ਇਸ ਮੌਕੇ ਬਰੈਂਪਟਨ ਅਤੇ ਖੇਤਰ ਦੀਆਂ ਹੋਰ ਥਾਵਾਂ ਤੋਂ ਸਿਆਸੀ ਆਗੂ ਅਤੇ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਪਹੁੰਚਿਆ ਹੋਇਆ ਸੀ।

ਸਮਾਗਮ ਵਿੱਚ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਹਰੇਕ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਅਤੇ ਵਿਚਰਨ ਦਾ ਸੱਦਾ ਦਿੰਦਿਆਂ ਭਾਈਚਾਰਕ ਏਕਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਓਂਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਕਈ ਅਹੁਦੇਦਾਰ, ਯੂਥ ਕਲੱਬਾਂ ਨਾਲ ਸਬੰਧਤ ਕਾਰਕੁਨ, ਸਿੱਖ ਪ੍ਰਚਾਰਕ, ਬਰੈਂਪਟਨ ਤੋਂ ਚੁਣ ਕੇ ਵਿਧਾਨ ਸਭਾ ਅਤੇ ਸੰਸਦ ਵਿੱਚ ਪੁੱਜੇ ਵਿਧਾਇਕ ਤੇ ਸੰਸਦ ਮੈਂਬਰ ਅਤੇ ਸਿੱਖ ਸਕੂਲਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਏ। ਸਵੇਰ ਤੋਂ ਬਾਅਦ ਦੁਪਹਿਰ ਤੱਕ ਸਿਟੀ ਕੰਪਲੈਕਸ ਵਿੱਚ ਮੇਲੇ ਵਰਗਾ ਮਹੌਲ ਬਣਿਆ ਰਿਹਾ। ਕੈਨੇਡਾ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਵੱਖ-ਵੱਖ ਦਿਨਾਂ ਦੌਰਾਨ ਸਰਕਾਰੀ ਥਾਵਾਂ ਉੱਤੇ ਨਿਸ਼ਾਨ ਸਾਹਿਬ ਚੜ੍ਹਾਏ ਜਾ ਰਹੇ ਹਨ। ਹੋਰ ਭਾਈਚਾਰਿਆਂ ਦੇ ਆਗੂਆਂ ਵੱਲੋਂ ਵੀ ਸਿੱਖ ਭਾਈਚਾਰੇ ਨੂੰ ਖਾਲਸਾ ਦੇ ਜਨਮ ਦਿਵਸ ਵਿਸਾਖੀ ਦੀਆਂ ਮੁਬਾਰਕਾਂ ਭੇਜੀਆਂ ਜਾ ਰਹੀਆਂ ਹਨ।

Share This Article
Leave a Comment

Leave a Reply