ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੀ ਐੱਮ ਮੁਦਰਾ ਯੋਜਨਾ ਨੇ ਰੁਕਾਵਟਾਂ ਦੂਰ ਕਰ ਕੇ ਅਤੇ ਲੋਕਾਂ ਦੀਆਂ ਖ਼ਾਹਿਸ਼ਾਂ ’ਤੇ ਭਰੋਸਾ ਕਰ ਕੇ ਪੂਰੇ ਭਾਰਤ ’ਚ ਕਾਰੋਬਾਰ ਦੀ ਭਾਵਨਾ ਮਜ਼ਬੂਤ ਕੀਤੀ ਹੈ। ਪੀ ਐੱਮ ਮੁਦਰਾ ਯੋਜਨਾ ਦੇ 11 ਸਾਲ ਮੁਕੰਮਲ ਹੋਣ ’ਤੇ ਸ੍ਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਨੇ ਲੱਖਾਂ ਲੋਕਾਂ ਨੂੰ ਸੁਫਨੇ ਦੇਖਣ ਦਾ ਆਤਮ ਵਿਸ਼ਵਾਸ ਅਤੇ ਉਨ੍ਹਾਂ ਨੂੰ ਪੂਰੇ ਕਰਨ ਦੇ ਸਾਧਨ ਮੁਹੱਈਆ ਕਰਕੇ ਕਰਜ਼ੇ ਤੱਕ ਪਹੁੰਚ ਨੂੰ ਮੁੜ ਤੋਂ ਪਰਿਭਾਸ਼ਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਕਿਹਾ, ‘‘ਅੜਿੱਕੇ ਦੂਰ ਕਰ ਕੇ ਅਤੇ ਜਨਤਾ ਦੀਆਂ ਖ਼ਾਹਿਸ਼ਾਂ ’ਤੇ ਭਰੋਸਾ ਜ਼ਾਹਿਰ ਕਰ ਕੇ, ਇਸ ਪਹਿਲ ਨੇ ਪੂਰੇ ਭਾਰਤ ’ਚ ਕਾਰੋਬਾਰ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪੀ ਐੱਮ ਮੁਦਰਾ ਯੋਜਨਾ ਅਜਿਹੀ ਆਰਥਿਕ ਵਿਚਾਰਧਾਰਾ ਨੂੰ ਦਰਸਾਉਂਦੀ ਹੈ, ਜਿੱਥੇ ਮੌਕੇ ਮੁਹੱਈਆ ਹਨ ਅਤੇ ਪਹਿਲਕਦਮੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਹਰ ਸੁਫਨੇ ਨੂੰ ਸੱਚ ਹੋਣ ਲਈ ਮਦਦ ਮਿਲ ਰਹੀ ਹੈ।

