ਆਪਣਾ ਪੰਜਾਬ ਮੀਡੀਆ : ਸ਼ਿਮਲਾ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਅੰਤਰ-ਰਾਜੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਕੇ ਮੁੱਖ ਸਰਗਨਾ ਵਿਜੇ ਉਰਫ਼ ਡੇਵਿਡ ਉਰਫ਼ ਬਿਹਾਰੀ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਜ਼ਿਲ੍ਹੇ ਵਿੱਚ ਦਰਜ ਕਈ ਐਨਡੀਪੀਐਸ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਥਿਓਗ, ਬਾਲੂਗੰਜ, ਰਾਮਪੁਰ ਅਤੇ ਕੁਮਾਰਸੈਨ ਖੇਤਰਾਂ ਦੇ ਹਾਲੀਆ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮ ਨਸ਼ੀਲਾ ਪਦਾਰਥ ਉਸੇ ਕੋਲੋਂ ਪ੍ਰਾਪਤ ਕਰ ਰਹੇ ਸਨ। ਵਿਸ਼ੇਸ਼ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ 24 ਘੰਟਿਆਂ ਦੇ ਅਪਰੇਸ਼ਨ ਦੌਰਾਨ ਵਿਜੇ ਅਤੇ ਉਸਦੇ ਸਾਥੀ ਨਿਤੇਸ਼ ਸ਼ਰਮਾ ਨੂੰ ਕਾਬੂ ਕੀਤਾ।
ਪੁਲੀਸ ਮੁਤਾਬਕ, ਅੰਬਾਲਾ ਕੈਂਟ ਦਾ ਰਹਿਣ ਵਾਲਾ ਵਿਜੇ ਹਿਮਾਚਲ ਦੇ ਕਈ ਖੇਤਰਾਂ ਵਿੱਚ ਨਸ਼ੇ ਦੀ ਸਪਲਾਈ ਕਰਦਾ ਸੀ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ। ਹੁਣ ਤੱਕ ਇਸ ਨੈੱਟਵਰਕ ਨਾਲ ਜੁੜੇ 15 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਜਾਂਚ ਜਾਰੀ ਹੈ।

