ਆਪਣਾ ਪੰਜਾਬ ਮੀਡੀਆ : ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਖਰਾਬ ਹਾਲਾਤਾਂ ਅਤੇ ਹਵਾਈ ਖੇਤਰ ਵਿੱਚ ਵਧੀ ਸਖ਼ਤੀ ਕਰਕੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਏਅਰ ਇੰਡੀਆ ਗਰੁੱਪ ਸੋਮਵਾਰ ਨੂੰ ਇਸ ਖੇਤਰ ਲਈ ਸਿਰਫ਼ 30 ਨਿਰਧਾਰਤ ਅਤੇ ਗੈਰ ਨਿਰਧਾਰਤ ਉਡਾਣਾਂ ਹੀ ਚਲਾਏਗਾ, ਜੋ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹਨ। ਦੂਜੇ ਪਾਸੇ ਇੰਡੀਗੋ ਏਅਰਲਾਈਨਜ਼ ਨੇ ਵੀ ਬਦਲਦੇ ਹਾਲਾਤਾਂ ਨੂੰ ਦੇਖਦੇ ਹੋਏ ਸਿਰਫ਼ ਕੁਝ ਚੋਣਵੀਆਂ ਉਡਾਣਾਂ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ 30 ਉਡਾਣਾਂ ਵਿੱਚੋਂ 10 ਉਡਾਣਾਂ ਯੂ.ਏ.ਈ. (UAE) ਲਈ ਅਤੇ ਉੱਥੋਂ ਗੈਰ ਨਿਰਧਾਰਤ ਹੋਣਗੀਆਂ। ਇਹ ਉਡਾਣਾਂ ਭਾਰਤ ਅਤੇ ਯੂ ਏ ਈ ਦੇ ਅਧਿਕਾਰੀਆਂ ਤੋਂ ਮਨਜ਼ੂਰੀ ਅਤੇ ਸਲਾਟ ਮਿਲਣ ‘ਤੇ ਹੀ ਚਲਾਈਆਂ ਜਾਣਗੀਆਂ।ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਲਈ ਕੁਝ ਖਾਸ (ਐਡ ਹਾਕ) ਉਡਾਣਾਂ ਜਾਰੀ ਰਹਿਣਗੀਆਂ। ਇਸ ਤਹਿਤ ਏਅਰ ਇੰਡੀਆ ਦਿੱਲੀ ਤੋਂ ਦੁਬਈ ਲਈ ਉਡਾਣ ਭਰੇਗੀ, ਜਦਕਿ ਏਅਰ ਇੰਡੀਆ ਐਕਸਪ੍ਰੈਸ ਮੰਗਲੌਰ ਨੂੰ ਦੁਬਈ ਨਾਲ ਜੋੜੇਗੀ।
ਅਬੂ ਧਾਬੀ ਲਈ ਦਿੱਲੀ ਤੋਂ ਸੀਮਤ ਉਡਾਣਾਂ ਚੱਲਣਗੀਆਂ ਅਤੇ ਸ਼ਾਰਜਾਹ ਨੂੰ ਅੰਮ੍ਰਿਤਸਰ ਤੇ ਕੰਨੂਰ ਨਾਲ ਜੋੜਿਆ ਜਾਵੇਗਾ।ਰਾਸ ਅਲ ਖੈਮਾਹ ਲਈ ਐਡ ਹਾਕ ਹਵਾਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜੋ ਪਿਛਲੇ ਕੁਝ ਦਿਨਾਂ ਤੋਂ ਬੰਦ ਸਨ। ਹਾਲਾਂਕਿ, ਅਜੇ ਕਿਸੇ ਖਾਸ ਰੂਟ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੂਜੇ ਪਾਸੇ ਅਲ ਆਇਨ (Al Ain) ਲਈ ਉਡਾਣਾਂ ਅਜੇ ਵੀ ਪੂਰੀ ਤਰ੍ਹਾਂ ਬੰਦ ਹਨ।
ਓਮਾਨ ਵਿੱਚ ਮਸਕਟ ਰੂਟ ਲਈ ਤੈਅ ਉਡਾਣਾਂ ਜਾਰੀ ਰਹਿਣਗੀਆਂ। ਇਸ ਦੇ ਤਹਿਤ ਏਅਰ ਇੰਡੀਆ ਐਕਸਪ੍ਰੈਸ ਦਿੱਲੀ, ਕੰਨੂਰ, ਮੁੰਬਈ ਅਤੇ ਤਿਰੂਵਨੰਤਪੁਰਮ ਤੋਂ ਫਲਾਇਟਾਂ ਚਲਾਏਗੀ। ਹਾਲਾਂਕਿ, ਸਲਾਲਾਹ (Salalah) ਦੀ ਹਵਾਈ ਸੇਵਾ ਫਿਲਹਾਲ ਬੰਦ ਰਹੇਗੀ।

