ਆਪਣਾ ਪੰਜਾਬ ਮੀਡੀਆ : ਓਨਟਾਰੀਓ ਸਰਕਾਰ ਵੱਲੋਂ ਅੱਜ ਆਪਣਾ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ।ਫੋਰਡ ਸਰਕਾਰ ਨੇ 2026-27 ਲਈ ਆਪਣਾ ਘਾਟਾ ਵਧਾ ਕੇ 13.8 ਬਿਲੀਅਨ ਡਾਲਰ ਦੱਸਿਆ ਹੈ, ਜੋ ਪਹਿਲਾਂ ਦੇ ਅੰਦਾਜ਼ੇ ਨਾਲੋਂ ਲੱਗਭਗ ਦੁੱਗਣਾ ਹੈ। ਵਿੱਤ ਮੰਤਰੀ ਪੀਟਰ ਬੈਥਲੈਨਫੈਲਵੀ ਨੇ ਕਿਹਾ ਕਿ ਗਲੋਬਲ ਆਰਥਿਕ ਅਤੇ ਸਿਆਸੀ ਅਣਿਸ਼ਚਿਤਤਾ ਕਰਕੇ ਅਜਿਹਾ ਫੈਸਲਾ ਲੈਣਾ ਪਿਆ। ਨਵੇਂ ਬਜਟ ਵਿੱਚ ਸਿਹਤ ਸੇਵਾਵਾਂ, ਸਿੱਖਿਆ ਅਤੇ ਘਰਾਂ ਲਈ ਖਰਚ ਵਧਾਇਆ ਗਿਆ ਹੈ, ਇਸ ਦੇ ਨਾਲ ਹੀ ਨਵੇਂ ਘਰ ਖਰੀਦਣ ਵਾਲਿਆਂ ਅਤੇ ਛੋਟੇ ਕਾਰੋਬਾਰਾਂ ਲਈ ਟੈਕਸ ਰਾਹਤਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੋਟੇ ਕਾਰੋਬਾਰਾਂ ਲਈ ਟੈਕਸ ਦਰ ਘਟਾਉਣ ਅਤੇ ਨਵੇਂ ਘਰਾਂ ‘ਤੇ ਐਚਐਸਟੀ ਵਿੱਚ ਛੋਟ ਦੇਣ ਵਰਗੇ ਕਦਮ ਵੀ ਚੁੱਕੇ ਗਏ ਹਨ।
ਓਨਟਾਰੀਓ ਸਰਕਾਰ ਨੇ ਨਵੇਂ ਉਦਯੋਗਾਂ ਅਤੇ ਤਕਨਾਲੋਜੀ ਵਿੱਚ ਨਿਵੇਸ਼ ਲਈ 4 ਬਿਲੀਅਨ ਡਾਲਰ ਫੰਡ ਦਾ ਐਲਾਨ ਵੀ ਕੀਤਾ ਹੈ।ਇਸ ਲਈ ਫੋਰਡ ਸਰਕਾਰ ਵੱਲੋਂ ਪ੍ਰੋਟੈਕਟ ਓਨਟਾਰੀਓ ਐਕਾਂਊਂਟ ਇਨਵੈਸਟਮੈਂਟ ਫੰਡ ਬਣਾਇਆ ਜਾਵੇਗਾ। ਬੈਥਲੈਨਫੈਲਵੀ ਨੇ ਆਖਿਆ ਕਿ ਇਸ ਫੰਡ ਨੂੰ ਇੱਕ ਨਿੱਜੀ ਇਨਵੈਸਟਮੈਂਟ ਮੈਨੇਜਰ ਰਾਹੀਂ ਚਲਾਇਆ ਜਾਵੇਗਾ ਤਾਂ ਜੋ ਪ੍ਰਾਈਵੇਟ ਸੈਕਟਰ ਦੀ ਮਹਾਰਤ ਦਾ ਲਾਹਾ ਲਿਆ ਜਾ ਸਕੇ। ਇਹ ਫੰਡ ਰੱਖਿਆ, ਡਾਟਾ ਸੈਂਟਰਾਂ ਅਤੇ ਟੈਕਨੌਲੋਜੀ ਕੰਪਨੀਆਂ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰੇਗਾ। ਸਰਕਾਰ ਦਾ ਮਕਸਦ ਹੈ ਕਿ ਓਨਟਾਰੀਓ ਵਿੱਚ ਬਣ ਰਹੀ ਨਵੀਂ ਤਕਨਾਲੋਜੀ ਅਤੇ ਪੇਟੈਂਟ ਬਾਹਰ ਦੇਸ਼ਾਂ ਵਿੱਚ ਨਾ ਜਾਣ।
ਇਸ ਦੇ ਨਾਲ ਹੀ ਸਰਕਾਰ ਏਆਈ ਲਾਈਫ ਸਾਇੰਸ ਅਤੇ ਐਡਵਾਂਸ ਮੈਨੂਫੈਕਚਰਿੰਗ ਲਈ ਫੰਡ ਵਿੱਚ ਵੀ ਵਾਧਾ ਕਰੇਗੀ, ਤਾਂ ਜੋ ਆਰਥਿਕ ਵਿਕਾਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਆਟਿਜ਼ਮ ਅਤੇ ਹੋਮ ਕੇਅਰ ਲਈ ਵੱਧ ਫੰਡਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।ਓਨਟਾਰੀਓ ਆਟਿਜ਼ਮ ਪ੍ਰੋਗਰਾਮ ਲਈ ਫੰਡ ਵਧਾ ਕੇ ਲਗਭਗ 965 ਮਿਲੀਅਨ ਡਾਲਰ ਸਾਲਾਨਾ ਕਰ ਦਿੱਤਾ ਗਿਆ ਹੈ, ਜੋ ਪਿਛਲੇ ਸਾਲ ਦੇ 779 ਮਿਲੀਅਨ ਡਾਲਰ ਤੋਂ ਕਾਫੀ ਵੱਧ ਹੈ।ਇਸ ਨਾਲ ਹੋਰ ਬੱਚਿਆਂ ਨੂੰ ਕਲੀਨਿਕਲ ਸੇਵਾਵਾਂ ਮਿਲ ਸਕਣਗੀਆਂ ਅਤੇ ਸੂਬੇ ਵਿੱਚ ਸਹੂਲਤਾਂ ਦੀ ਸਮਰੱਥਾ ਵੀ ਵਧੇਗੀ। ਇਸ ਦੇ ਨਾਲ ਹੀ ਹੋਮ ਕੇਅਰ ਲਈ ਅਗਲੇ ਤਿੰਨ ਸਾਲਾਂ ਵਿੱਚ 1.1 ਬਿਲੀਅਨ ਡਾਲਰ ਦਾ ਵਾਧੂ ਫੰਡ ਦਿੱਤਾ ਜਾਵੇਗਾ, ਜਿਸ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਘਰ ਅਤੇ ਕਮਿਊਨਿਟੀ ਵਿੱਚ ਬਿਹਤਰ ਸੇਵਾਵਾਂ ਮਿਲਣ ਦੀ ਉਮੀਦ ਹੈ।ਸਰਕਾਰ ਦਾ ਕਹਿਣਾ ਹੈ ਕਿ 2028-29 ਤੱਕ ਬਜਟ ਨੂੰ ਮੁੜ ਸੰਤੁਲਿਤ ਕਰ ਲਿਆ ਜਾਵੇਗਾ।

