ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲੀਆ ਨੂੰ ਅੱਜ ਅਪੀਲ ਕੀਤੀ ਹੈ ਕਿ ਉਹ ਇਰਾਨ ਦੀ ਕੌਮੀ ਮਹਿਲਾ ਫੁਟਬਾਲ ਟੀਮ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਾਪਸ ਭੇਜਣ ਦੀ ਗਲਤੀ ਨਾ ਕਰੇ। ਟਰੰਪ ਨੇ ਕਿਹਾ ਕਿ ਜੇਕਰ ਆਸਟਰੇਲੀਆ ਉਨ੍ਹਾਂ ਨੂੰ ਸ਼ਰਨ ਨਹੀਂ ਦਿੰਦਾ ਤਾਂ ਅਮਰੀਕਾ ਉਨ੍ਹਾਂ ਨੂੰ ਪਨਾਹ ਦੇਣ ਲਈ ਤਿਆਰ ਹੈ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਖਿਡਾਰਨਾਂ ਨੇ ਮੈਚ ਦੌਰਾਨ ਇਰਾਨ ਦਾ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਆਸਟਰੇਲੀਆ ਵਿੱਚ ਚੱਲ ਰਹੇ ਏਸ਼ੀਅਨ ਕੱਪ ਦੌਰਾਨ ਇਰਾਨੀ ਖਿਡਾਰਨਾਂ ਨੇ ਦੱਖਣੀ ਕੋਰੀਆ ਵਿਰੁੱਧ ਆਪਣੇ ਪਹਿਲੇ ਮੈਚ ਵਿੱਚ ਰਾਸ਼ਟਰਗਾਨ ਵੇਲੇ ਚੁੱਪ ਰਹਿ ਕੇ ਰੋਸ ਪ੍ਰਗਟਾਇਆ ਸੀ। ਇਸ ਕਦਮ ਨੂੰ ਇਰਾਨੀ ਸਰਕਾਰੀ ਮੀਡੀਆ ਨੇ ਬੇਇੱਜ਼ਤੀ ਦੀ ਸਿਖਰ ਕਰਾਰ ਦਿੱਤਾ। ਗਲੋਬਲ ਪਲੇਅਰਜ਼ ਯੂਨੀਅਨ (FIFPRO) ਨੇ ਚਿੰਤਾ ਪ੍ਰਗਟਾਈ ਹੈ ਕਿ ਖਿਡਾਰਨਾਂ ਨੂੰ ਇਰਾਨ ਵਿੱਚ ਜੰਗੀ ਗੱਦਾਰ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਉੱਥੇ ਵਾਪਸ ਜਾਣ ’ਤੇ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੋ ਸਕਦਾ ਹੈ।

