ਹਰਿਆਣਾ ਤੋਂ ਗੁਜਰਾਤ ਤੱਕ ਅੱਠ ਸੂਬਿਆਂ ਵਿੱਚ ਕਾਰਵਾਈ; 1 ਨਵੰਬਰ ਨੂੰ ਰਾਮਲੀਲਾ ਮੈਦਾਨ ਦੀ ਰੈਲੀ ਵਿੱਚ ਸ਼ਾਮਲ ਨਾ ਹੋਣ ‘ਤੇ ਪਾਰਟੀ ਨੇ ਲਿਆ ਅਨੁਸ਼ਾਸਨੀ ਫ਼ੈਸਲਾ।
ਨਵੀਂ ਦਿੱਲੀ — ਆਪਣਾ ਪੰਜਾਬ ਮੀਡੀਆ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 1 ਨਵੰਬਰ ਨੂੰ ਹੋਈ ‘ਇੰਡੀਆ’ ਗਠਜੋੜ ਦੀ ‘ਵੋਟ ਬਚਾਓ, ਦੇਸ਼ ਬਚਾਓ’ ਰੈਲੀ ਵਿੱਚ ਸ਼ਾਮਲ ਨਾ ਹੋਣ ਵਾਲੇ ਯੂਥ ਕਾਂਗਰਸ ਦੇ 215 ਅਹੁਦੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਇੰਡੀਅਨ ਯੂਥ ਕਾਂਗਰਸ ਦੀ ਕੌਮੀ ਲੀਡਰਸ਼ਿਪ ਵੱਲੋਂ ਕੀਤੀ ਗਈ ਹੈ। ਮੁਅੱਤਲੀ ਦੇ ਹੁਕਮ 3 ਨਵੰਬਰ ਨੂੰ ਜਾਰੀ ਕੀਤੇ ਗਏ ਅਤੇ ਇਹ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
ਇਹ ਕਾਰਵਾਈ ਅੱਠ ਸੂਬਿਆਂ ਦੇ ਅਹੁਦੇਦਾਰਾਂ ਵਿਰੁੱਧ ਕੀਤੀ ਗਈ ਹੈ। ਸਭ ਤੋਂ ਵੱਧ 60 ਅਹੁਦੇਦਾਰ ਮੱਧ ਪ੍ਰਦੇਸ਼ ਤੋਂ ਮੁਅੱਤਲ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਜਰਾਤ ਤੋਂ 49, ਝਾਰਖੰਡ ਤੋਂ 32, ਪੱਛਮੀ ਬੰਗਾਲ ਤੋਂ 26, ਤੇਲੰਗਾਨਾ ਤੋਂ 14, ਹਿਮਾਚਲ ਪ੍ਰਦੇਸ਼ ਤੋਂ 13, ਉੱਤਰ ਪ੍ਰਦੇਸ਼ ਦੇ ਕੇਂਦਰੀ ਸੰਗਠਨ ਤੋਂ 11 ਅਤੇ ਹਰਿਆਣਾ ਤੋਂ 10 ਅਹੁਦੇਦਾਰਾਂ ਖ਼ਿਲਾਫ਼ ਕਾਰਵਾਈ ਹੋਈ ਹੈ।
ਪਾਰਟੀ ਲੀਡਰਸ਼ਿਪ ਨੇ ਰੈਲੀ ਵਿੱਚ ਸ਼ਮੂਲੀਅਤ ਨੂੰ ਲਾਜ਼ਮੀ ਕੀਤਾ ਸੀ ਅਤੇ ਕੌਮੀ, ਸੂਬਾਈ ਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਨੂੰ ਦਿੱਲੀ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਜ਼ਰੀ ਦੀ ਨਿਗਰਾਨੀ ਲਈ ‘ਵਿਦ ਆਈਵਾਈਸੀ’ ਮੋਬਾਈਲ ਐਪ ਅਤੇ ਬਾਰਕੋਡ ਸਕੈਨਰਾਂ ਦੀ ਵਰਤੋਂ ਵੀ ਕੀਤੀ ਗਈ। ਪਾਰਟੀ ਨੇ ਗੈਰ-ਹਾਜ਼ਰੀ ਨੂੰ ਸੰਗਠਨਾਤਮਕ ਅਨੁਸ਼ਾਸਨ ਦੀ ਉਲੰਘਣਾ ਮੰਨਿਆ ਹੈ।


