ਦੀਵਾਲੀ ਤੋਂ ਬਾਅਦ ਪੰਜਾਬ ਦੌਰੇ ਦੀ ਯੋਜਨਾ; ਬਠਿੰਡਾ ਤੋਂ ਇਲਾਵਾ ਪਟਿਆਲਾ ਵਿੱਚ ਵੀ ਰੈਲੀ ਕਰਵਾਉਣ ਦੀ ਤਿਆਰੀ, 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਨਜ਼ਰ।
ਚੰਡੀਗੜ੍ਹ — ਆਪਣਾ ਪੰਜਾਬ ਮੀਡੀਆ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਦੀਵਾਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਠਿੰਡਾ ਅਤੇ ਪਟਿਆਲਾ ਵਿੱਚ ਰੈਲੀਆਂ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਬੰਧੀ ਪੰਜਾਬ ਭਾਜਪਾ ਵੱਲੋਂ ਕੁਝ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਗਿਆ ਸੀ।
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੁਸ਼ਟੀ ਕੀਤੀ ਹੈ ਕਿ ਬਠਿੰਡਾ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਹੈ, ਪਰ ਅਜੇ ਤੱਕ ਰੈਲੀ ਦੀ ਤਰੀਕ ਤੈਅ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦੋਆਬੇ ਤੋਂ ਬਾਅਦ ਹੁਣ ਮਾਲਵਾ ਖੇਤਰ ਵਿੱਚ ਵੀ ਪ੍ਰਧਾਨ ਮੰਤਰੀ ਦੇ ਵੱਡੇ ਸਮਾਗਮ ਕਰਵਾਉਣ ਦੀ ਤਿਆਰੀ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਸਮਾਂ ਮਿਲਣ ਮਗਰੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਸ ਦੌਰਾਨ ਬਠਿੰਡਾ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵਿਤ ਮੁੜ ਗਠਜੋੜ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਦੋਵੇਂ ਪਾਰਟੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਸੀਟਾਂ ਦੀ ਵੰਡ ਸਬੰਧੀ ਗੱਲਬਾਤ ਕਰ ਰਹੀਆਂ ਹਨ। ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਗਠਜੋੜ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।


