ਵਧਦੇ ਸਰਹੱਦੀ ਤਣਾਅ ਵਿਚਕਾਰ ਵਾਸ਼ਿੰਗਟਨ ਦੀ ਚੇਤਾਵਨੀ; ਕਿਹਾ ‘ਨਵਾਂ ਟਕਰਾਅ ਪੂਰੇ ਹੌਰਨ ਆਫ਼ ਅਫਰੀਕਾ ਲਈ ਮਨੁੱਖੀ ਸੰਕਟ ਪੈਦਾ ਕਰ ਸਕਦਾ ਹੈ”
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਇਥੋਪੀਆ ਅਤੇ ਇਰੀਟ੍ਰੀਆ ਵਿਚਾਲੇ ਵਧ ਰਹੇ ਸਰਹੱਦੀ ਤਣਾਅ ਨੂੰ ਲੈ ਕੇ ਅਮਰੀਕਾ ਨੇ ਦੋਵਾਂ ਦੇਸ਼ਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਧਦਾ ਤਣਾਅ ਸਿਰਫ਼ ਉਨ੍ਹਾਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੂਰੇ ਹੌਰਨ ਆਫ਼ ਅਫਰੀਕਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਾਸ਼ਿੰਗਟਨ ਨੇ ਚੇਤਾਵਨੀ ਦਿੱਤੀ ਕਿ ਇਸ ਖੇਤਰ ਵਿੱਚ ਇੱਕ ਹੋਰ ਫੌਜੀ ਟਕਰਾਅ ਨਵੇਂ ਮਨੁੱਖੀ ਸੰਕਟ ਨੂੰ ਜਨਮ ਦੇ ਸਕਦਾ ਹੈ।
ਅਮਰੀਕਾ ਨੇ ਦੋਵਾਂ ਸਰਕਾਰਾਂ ਨੂੰ ਆਪਣੇ ਗੁਆਂਢੀ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਅਤੇ ਅਜਿਹੇ ਕਦਮਾਂ ਤੋਂ ਬਚਣ ਲਈ ਕਿਹਾ ਹੈ, ਜਿਨ੍ਹਾਂ ਨਾਲ ਤਣਾਅ ਹੋਰ ਵਧੇ। ਨਾਲ ਹੀ 2018 ਦੇ ਸ਼ਾਂਤੀ ਸਮਝੌਤੇ ਦੇ ਤਹਿਤ ਮੁੜ ਗੱਲਬਾਤ ਅਤੇ ਸਹਿਯੋਗ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ ਗਈ ਹੈ। ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਉੱਤਰੀ ਇਥੋਪੀਆ ਦੇ ਟਿਗਰੇ ਖੇਤਰ ਵਿੱਚ ਮੁੜ ਲੜਾਈ ਤੇਜ਼ ਹੋਈ ਹੈ ਅਤੇ ਇਥੋਪੀਆ ਨੇ ਇਰੀਟ੍ਰੀਆ ਨਾਲ ਕੂਟਨੀਤਕ ਸਬੰਧ ਤੋੜ ਦਿੱਤੇ ਹਨ।


