2019 ਤੋਂ ਵਪਾਰਕ ਪਾਬੰਦੀਆਂ ਕਾਰਨ ਪਾਕਿਸਤਾਨੀ ਉਦਯੋਗਾਂ ਦੀ ਲਾਗਤ ਵਧੀ; ਫਾਰਮਾਸਿਊਟੀਕਲ ਖੇਤਰ ਨੂੰ ਸਾਲਾਨਾ 2 ਤੋਂ 3 ਅਰਬ ਡਾਲਰ ਦੀ ਬੱਚਤ ਹੋਣ ਦੀ ਸੰਭਾਵਨਾ, ਦੋਵਾਂ ਦੇਸ਼ਾਂ ਵਿਚਾਲੇ ਵਪਾਰ ਮੁੜ ਸ਼ੁਰੂ ਕਰਨ ਦੀ ਅਪੀਲ
ਲਾਹੌਰ — ਆਪਣਾ ਪੰਜਾਬ ਮੀਡੀਆ ਭਾਰਤ ਨਾਲ ਵਪਾਰਕ ਸਬੰਧ ਮੁਅੱਤਲ ਹੋਣ ਕਾਰਨ ਪਾਕਿਸਤਾਨ ਨੂੰ 2019 ਤੋਂ ਹੁਣ ਤੱਕ ਲਗਭਗ 40 ਅਰਬ ਅਮਰੀਕੀ ਡਾਲਰ ਦਾ ਆਰਥਿਕ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਅਨੁਮਾਨ ਪਾਕਿ-ਇੰਡੀਆ ਬਿਜ਼ਨਸ ਕੌਂਸਲ ਦੇ ਚੇਅਰਮੈਨ ਨੂਰ ਮੁਹੰਮਦ ਕਾਸੂਰੀ ਨੇ ਲਗਾਇਆ ਹੈ। ਉਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਪਾਰਕ ਸਬੰਧ ਮੁੜ ਬਹਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਦੋਵਾਂ ਪਾਸਿਆਂ ਦੇ ਕਾਰੋਬਾਰੀਆਂ ਨੂੰ ਲਾਭ ਹੋ ਸਕਦਾ ਹੈ ਅਤੇ ਨਿਵੇਸ਼, ਸੈਰ-ਸਪਾਟੇ ਤੇ ਖੇਤਰੀ ਸਹਿਯੋਗ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ।
ਕਾਸੂਰੀ ਮੁਤਾਬਕ ਭਾਰਤ ਤੋਂ ਸਿੱਧਾ ਕੱਚਾ ਮਾਲ ਅਤੇ ਜ਼ਰੂਰੀ ਵਸਤਾਂ ਨਾ ਮਿਲਣ ਕਾਰਨ ਪਾਕਿਸਤਾਨੀ ਕਾਰੋਬਾਰੀਆਂ ਨੂੰ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਸਾਮਾਨ ਮੰਗਵਾਉਣਾ ਪੈ ਰਿਹਾ ਹੈ। ਇਸ ਨਾਲ ਮਾਲ ਦੀ ਢੋਆ-ਢੁਆਈ, ਬੀਮਾ ਅਤੇ ਆਵਾਜਾਈ ਦਾ ਖ਼ਰਚ ਵਧਣ ਦੇ ਨਾਲ ਸਪਲਾਈ ਵਿੱਚ ਵੀ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਦਵਾਈਆਂ ਦੇ ਕੱਚੇ ਮਾਲ ਦੀ ਦਰਾਮਦ ਮੁੜ ਸ਼ੁਰੂ ਹੋਣ ਨਾਲ ਪਾਕਿਸਤਾਨ ਦੇ ਫਾਰਮਾਸਿਊਟੀਕਲ ਉਦਯੋਗ ਨੂੰ ਹਰ ਸਾਲ 2 ਤੋਂ 3 ਅਰਬ ਡਾਲਰ ਤੱਕ ਦੀ ਬੱਚਤ ਹੋ ਸਕਦੀ ਹੈ।
ਉਨ੍ਹਾਂ ਨੇ ਪਾਕਿਸਤਾਨ ਦੇ ਟੈਕਸਟਾਈਲ ਉਦਯੋਗ ਦੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ। ਕਾਸੂਰੀ ਅਨੁਸਾਰ ਦੇਸ਼ ਵਿੱਚ ਕਪਾਹ ਦੀ ਪੈਦਾਵਾਰ ਘਟਣ ਕਾਰਨ ਟੈਕਸਟਾਈਲ ਮਿੱਲਾਂ ਨੂੰ ਬ੍ਰਾਜ਼ੀਲ, ਮਿਸਰ, ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਕਪਾਹ ਖਰੀਦਣੀ ਪੈ ਰਹੀ ਹੈ, ਜਿਸ ਨਾਲ ਲਗਭਗ 5 ਅਰਬ ਡਾਲਰ ਦਾ ਵਾਧੂ ਖ਼ਰਚਾ ਹੋਣ ਦਾ ਉਨ੍ਹਾਂ ਨੇ ਅਨੁਮਾਨ ਲਗਾਇਆ। ਉਨ੍ਹਾਂ ਕਿਹਾ ਕਿ ਭਾਰਤ ਤੋਂ ਖੰਡ, ਖਾਦ, ਸੀਮੈਂਟ, ਪੈਟਰੋਲੀਅਮ ਉਤਪਾਦ, ਲੋਹਾ, ਸਟੀਲ, ਸਬਜ਼ੀਆਂ ਅਤੇ ਭਾਰੀ ਮਸ਼ੀਨਰੀ ਦੀ ਦਰਾਮਦ ਵੀ ਪਾਕਿਸਤਾਨ ਲਈ ਸਸਤੀ ਪੈ ਸਕਦੀ ਹੈ।


