ਅਚਾਨਕ ਫ਼ੈਲੀ ਅੱਗ ਕਾਰਨ 4 ਫ਼ੌਜੀ ਅਫ਼ਸਰ ਮਾਰੇ ਗਏ ਤੇ 39 ਜ਼ਖ਼ਮੀ ਹੋਏ; 10 ਦੀ ਹਾਲਤ ਗੰਭੀਰ
ਐਡਮਿੰਟਨ : ਆਪਣਾ ਪੰਜਾਬ ਮੀਡੀਆ : ਕੈਨੇਡਾ ਦੀ ਚੀਫ਼ ਆਫ਼ ਡਿਫ਼ੈਂਸ ਜਨਰਲ ਜੈਨੀ ਕੈਰਗੀਨਨ ਨੇ ਕਿਹਾ ਹੈ ਕਿ ਲੰਘੇ ਸ਼ਨਿੱਚਵਾਰ ਨੂੰ ਅਲਬਰਟਾ ਵਿੱਚ ਵੇਨਰਾਈਟ ਵਿਖੇ ਸਥਿਤ ਫ਼ੌਜੀ ਸਿਖਲਾਈ ਕੇਂਦਰ ਵਿੱਚ ਲੱਗੀ ਅੱਗ ਦੇ ਕਾਰਨ ਲੱਭਣ ਲਈ ਵੱਖ-ਵੱਖ ਤਿੰਨ ਜਾਂਚ ਬੋਰਡ ਆਪਣੇ ਕੰਮਾਂ ਵਿੱਚ ਜੁਟੇ ਹੋਏ ਹਨ ਅਤੇ ਜਲਦੀ ਹੀ ਆਪਣੇ ਨਤੀਜੇ ਦੇਣਗੇ, ਜਿਸ ਨੂੰ ਉਸੇ ਰੂਪ ਵਿੱਚ ਜਨਤਕ ਕੀਤਾ ਜਾਵੇਗਾ।
ਉਸ ਨੇ ਕਿਹਾ ਕਿ ਪਹਿਲਾ ਸਵਾਲ ਇਹੀ ਹੈ ਕਿ ਅੱਗ ਲੱਗੀ ਕਿਵੇਂ ਤੇ ਸਕਿੰਟਾਂ ਵਿੱਚ ਇਸ ਦਾ ਇੰਨਾ ਫ਼ੈਲਾਅ ਕਿਵੇਂ ਹੋਇਆ। ਉਸ ਨੇ ਕਿਹਾ ਕਿ ਗੱਲਾਂ ਕਰਨ ਦੀ ਥਾਂ ਇਹ ਵੇਲਾ ਉਨ੍ਹਾਂ ਚਾਰ ਫ਼ੌਜੀ ਅਫ਼ਸਰਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਨ ਦਾ ਅਤੇ ਇਲਾਜ ਅਧੀਨ ਫ਼ੌਜੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਦਾ ਹੈ।
ਪੱਤਰਕਾਰਾਂ ਵੱਲੋਂ ਜਨਰਲ ਕੈਰਗੀਨਨ ਨੂੰ ਜਾਂਚ ਦੀ ਸਮਾਂ-ਸੀਮਾ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਜਾਣਕਾਰੀਆਂ ਤਾਂ ਬਹੁਤ ਨੇ, ਪਰ ਬਿਨਾਂ ਠੋਸ ਸਬੂਤਾਂ ਦੇ ਕਿਸੇ ’ਤੇ ਵੀ ਇਤਬਾਰ ਕਰਕੇ ਗੱਲ ਕਰਨੀ ਅਫ਼ਵਾਹ ਵਾਲੀ ਹਾਲਤ ਹੋ ਜਾਂਦੀ ਹੈ। ਉਸ ਨੇ ਦੱਸਿਆ ਕਿ ਫ਼ੌਜ ਦੇ ਆਪਣੇ ਜਾਂਚ ਬੋਰਡ ਦੇ ਨਾਲ-ਨਾਲ ਕੇਂਦਰੀ ਪੁਲੀਸ ਦੇ ਨਾਲ ਮੈਡੀਕਲ ਜਾਂਚ ਬੋਰਡ ਅਤੇ ਕੈਨੇਡਾ ਫ਼ੌਜਾਂ ਦਾ ਫ਼ਾਇਰ ਮਾਰਸ਼ਲ ਜਾਂਚ ਬੋਰਡ ਅੱਗ ਦੇ ਅਸਲ ਕਾਰਨ ਲੱਭਣ ਵਿੱਚ ਰੁੱਝੇ ਹੋਏ ਹਨ। ਇਸੇ ਹਫ਼ਤੇ ਉਹ ਖ਼ੁਦ ਮੌਕੇ ’ਤੇ ਜਾ ਕੇ ਸਾਰੀ ਸਥਿਤੀ ਨੂੰ ਅੱਖੀਂ ਵੇਖੇਗੀ।


