ਭਾਰਤ ਰੀਨਿਊਏਬਲ ਐਨਰਜੀ ਸਮਿਟ 2026 ਦੌਰਾਨ ਗੌਟਫ੍ਰੀਡ ਵੌਨ ਜੇਮਿੰਗਨ ਦਾ ਬਿਆਨ; ਦੋਵਾਂ ਦੇਸ਼ਾਂ ਵਿਚਾਲੇ ਲਗਭਗ 60 ਸਾਲਾਂ ਦੇ ਵਿਕਾਸ ਸਹਿਯੋਗ ਅਤੇ ਸਾਫ਼ ਊਰਜਾ ਵਿੱਚ ਸਾਂਝੇਦਾਰੀ ਨੂੰ ਉਜਾਗਰ ਕੀਤਾ
ਨਵੀਂ ਦਿੱਲੀ — ਆਪਣਾ ਪੰਜਾਬ ਮੀਡੀਆ ਭਾਰਤ ਦੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਜਰਮਨੀ ਦੀ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਰਹੀ ਹੈ ਅਤੇ ਉਹ ਭਾਰਤ ਦੇ ਊਰਜਾ ਬਦਲਾਅ ਦੇ ਸਫ਼ਰ ਵਿੱਚ ਸ਼ੁਰੂ ਤੋਂ ਹੀ ਸਹਿਯੋਗ ਕਰਦਾ ਆ ਰਿਹਾ ਹੈ। ਇਹ ਗੱਲ ਜਰਮਨ ਦੂਤਾਵਾਸ ਦੇ ਆਰਥਿਕ ਸਹਿਯੋਗ ਅਤੇ ਵਿਕਾਸ ਵਿਭਾਗ ਦੇ ਮੁਖੀ ਗੌਟਫ੍ਰੀਡ ਵੌਨ ਜੇਮਿੰਗਨ ਨੇ ਨਵੀਂ ਦਿੱਲੀ ਵਿਖੇ ਚੱਲ ਰਹੇ ਭਾਰਤ ਰੀਨਿਊਏਬਲ ਐਨਰਜੀ ਸਮਿਟ (BRESE) 2026 ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਜਰਮਨੀ ਵਿਚਾਲੇ ਵਿਕਾਸ ਸਹਿਯੋਗ ਲਗਭਗ 60 ਸਾਲ ਪੁਰਾਣਾ ਹੈ ਅਤੇ ਨਵਿਆਉਣਯੋਗ ਊਰਜਾ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਦਾ ਮਹੱਤਵਪੂਰਨ ਹਿੱਸਾ ਰਹੀ ਹੈ।
ਜੇਮਿੰਗਨ ਨੇ ਦੱਸਿਆ ਕਿ ਜਰਮਨੀ ਵੱਲੋਂ ਇੱਕ ਵਪਾਰਕ ਵਫ਼ਦ ਭਾਰਤ ਭੇਜਿਆ ਗਿਆ ਹੈ, ਜਿਸ ਦਾ ਉਦੇਸ਼ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਅਤੇ ਕਾਰੋਬਾਰੀ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ ਹੈ। ਇਸ ਵਫ਼ਦ ਵਿੱਚ ਵਿਗਿਆਨਕ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਫ਼ ਊਰਜਾ ਦੇ ਖੇਤਰ ਵਿੱਚ ਤਕਨੀਕੀ ਵਿਕਾਸ, ਖੋਜ ਅਤੇ ਨਵੀਆਂ ਕਾਢਾਂ ਲਈ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਦਾ ਮਿਲ ਕੇ ਕੰਮ ਕਰਨਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਅਨੁਸਾਰ ਭਾਰਤ-ਜਰਮਨੀ ਊਰਜਾ ਮੰਚ ਦੋਵਾਂ ਦੇਸ਼ਾਂ ਵਿਚਾਲੇ ਨਵਿਆਉਣਯੋਗ ਊਰਜਾ ਸਬੰਧੀ ਵਿਚਾਰ-ਵਟਾਂਦਰੇ ਅਤੇ ਸਹਿਯੋਗ ਦਾ ਅਹਿਮ ਮੰਚ ਹੈ। ਇਸ ਰਾਹੀਂ ਸੂਰਜੀ ਅਤੇ ਪੌਣ ਊਰਜਾ, ਗ੍ਰੀਨ ਹਾਈਡ੍ਰੋਜਨ, ਊਰਜਾ ਸਟੋਰੇਜ ਅਤੇ ਬਿਜਲੀ ਗਰਿੱਡ ਦੇ ਆਧੁਨਿਕੀਕਰਨ ਵਰਗੇ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਰਮਨੀ ਵੱਲੋਂ ਭਾਰਤ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।


