ਮੋਗਾ ਦੇ ਕੋਟ ਈਸੇ ਖਾਂ ਥਾਣੇ ਦੀ ਸਾਬਕਾ SHO ਸੁਨੀਤਾ ਰਾਣੀ ਨੂੰ ਪੰਜਾਬ ਪੁਲਿਸ ਤੋਂ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਬਰਖ਼ਾਸਤ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਮੋਗਾ ਦੇ ਕੋਟ ਈਸੇ ਖਾਂ ਥਾਣੇ ਦੀ ਸਾਬਕਾ SHO ਇੰਸਪੈਕਟਰ ਸੁਨੀਤਾ ਰਾਣੀ ਨੂੰ ਪੰਜਾਬ ਪੁਲਿਸ ਤੋਂ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਫਰੀਦਕੋਟ ਰੇਂਜ ਦੀ IGP ਨੀਲਾਂਬਰੀ ਜਗਦਲੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ। ਰਾਣੀ ਨੂੰ 26 ਸਤੰਬਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਹੋਮਗਾਰਡ ਜਵਾਨ ਗੁਰਵਤਾਰ ਸਿੰਘ ਸਮੇਤ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਵਿਜੀਲੈਂਸ ਬਿਊਰੋ ਮੁਤਾਬਕ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਸ ਨੂੰ NDPS Act ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਗਈ। ਜਾਂਚ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾਇਆ ਅਤੇ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਸੁਨੀਤਾ ਰਾਣੀ ਅਤੇ ਗੁਰਵਤਾਰ ਸਿੰਘ ਨੂੰ ਕਾਬੂ ਕੀਤਾ ਗਿਆ। ਮਾਮਲੇ ਵਿੱਚ Prevention of Corruption Act ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਮੀਡੀਆ ਵੱਲੋਂ ਰਿਸ਼ਵਤ ਮਾਮਲੇ ਬਾਰੇ ਪੁੱਛੇ ਜਾਣ ’ਤੇ ਸੁਨੀਤਾ ਰਾਣੀ ਨੇ “All is well” ਕਿਹਾ ਸੀ ਅਤੇ ਜੇਲ੍ਹ ਨੂੰ ਲੈ ਕੇ ਵੀ ਟਿੱਪਣੀ ਕੀਤੀ ਸੀ। ਬਰਖ਼ਾਸਤਗੀ ਦੇ ਹੁਕਮ ਵਿੱਚ ਉਸ ਦੇ ਇਸ ਰਵੱਈਏ ਨੂੰ ਪੁਲਿਸ ਵਿਭਾਗ ਦੀ ਅਨੁਸ਼ਾਸਨ ਪ੍ਰਣਾਲੀ ਅਤੇ ਜਨਤਕ ਧਾਰਨਾ ’ਤੇ ਮਾੜਾ ਪ੍ਰਭਾਵ ਪਾਉਣ ਵਾਲਾ ਦੱਸਿਆ ਗਿਆ ਹੈ। ਇਹ ਕਾਰਵਾਈ ਮੋਗਾ SSP ਦੀ 1 ਅਕਤੂਬਰ ਦੀ ਰਿਪੋਰਟ ਤੋਂ ਬਾਅਦ ਕੀਤੀ ਗਈ।


