ਪੰਜ ਮੈਚਾਂ ’ਚ ਪੰਜਵੀਂ ਜਿੱਤ ਨਾਲ ਭਾਰਤ ਦੇ 15 ਅੰਕ; ਦਿਲਪ੍ਰੀਤ ਸਿੰਘ ਨੇ ਕੀਤੇ ਦੋ ਗੋਲ, ਹਰਮਨਪ੍ਰੀਤ ਸਿੰਘ ਸਮੇਤ ਛੇ ਖਿਡਾਰੀਆਂ ਨੇ ਵੀ ਗੋਲ ਦਾਗੇ
ਜਲੰਧਰ — ਆਪਣਾ ਪੰਜਾਬ ਮੀਡੀਆ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੱਖਣੀ ਕੋਰੀਆ ਨੂੰ 8-0 ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਸੋਮਵਾਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਲੀਗ ਗੇੜ ਦੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੇ ਪੰਜਵੀਂ ਲਗਾਤਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਪੰਜ ਮੈਚਾਂ ਵਿੱਚੋਂ ਪੰਜ ਜਿੱਤਾਂ ਅਤੇ 15 ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਰਹੀ।
ਭਾਰਤ ਵੱਲੋਂ ਦਿਲਪ੍ਰੀਤ ਸਿੰਘ ਨੇ 8ਵੇਂ ਅਤੇ 40ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਜੁਗਰਾਜ ਸਿੰਘ ਨੇ 11ਵੇਂ ਮਿੰਟ, ਕਪਤਾਨ ਹਰਮਨਪ੍ਰੀਤ ਸਿੰਘ ਨੇ 15ਵੇਂ ਮਿੰਟ, ਸ਼ਿਲਾਨੰਦ ਲਾਕੜਾ ਨੇ 33ਵੇਂ ਮਿੰਟ, ਸੁਖਜੀਤ ਸਿੰਘ ਨੇ 34ਵੇਂ ਮਿੰਟ, ਸੰਜੇ ਨੇ 36ਵੇਂ ਮਿੰਟ ਅਤੇ ਅੰਗਦ ਬੀਰ ਸਿੰਘ ਨੇ ਆਖ਼ਰੀ 60ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਨੂੰ 8-0 ਤੱਕ ਪਹੁੰਚਾਇਆ।
ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਈ। ਪਹਿਲੇ ਕੁਆਰਟਰ ਵਿੱਚ ਦਿਲਪ੍ਰੀਤ, ਜੁਗਰਾਜ ਅਤੇ ਹਰਮਨਪ੍ਰੀਤ ਨੇ ਗੋਲ ਕਰਕੇ ਭਾਰਤ ਨੂੰ 3-0 ਦੀ ਬੜ੍ਹਤ ਦਿਵਾਈ। ਦੂਜੇ ਕੁਆਰਟਰ ਵਿੱਚ ਦੱਖਣੀ ਕੋਰੀਆ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਕਈ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਭਾਰਤੀ ਡਿਫੈਂਸ ਅਤੇ ਗੋਲਕੀਪਰ ਨੇ ਉਨ੍ਹਾਂ ਦੇ ਸਾਰੇ ਹਮਲੇ ਨਾਕਾਮ ਕਰ ਦਿੱਤੇ।
ਤੀਜੇ ਕੁਆਰਟਰ ਵਿੱਚ ਭਾਰਤ ਨੇ ਮੁੜ ਹਮਲਿਆਂ ਦੀ ਰਫ਼ਤਾਰ ਤੇਜ਼ ਕਰ ਦਿੱਤੀ। ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ ਅਤੇ ਸੰਜੇ ਨੇ ਲਗਾਤਾਰ ਗੋਲ ਕੀਤੇ, ਜਦਕਿ ਦਿਲਪ੍ਰੀਤ ਸਿੰਘ ਨੇ ਆਪਣਾ ਦੂਜਾ ਗੋਲ ਕਰਕੇ ਸਕੋਰ 7-0 ਕਰ ਦਿੱਤਾ। ਆਖ਼ਰੀ ਕੁਆਰਟਰ ਵਿੱਚ ਅੰਗਦ ਬੀਰ ਸਿੰਘ ਨੇ ਸ਼ਾਨਦਾਰ ਵਿਅਕਤੀਗਤ ਖੇਡ ਦਿਖਾਉਂਦਿਆਂ ਅੱਠਵਾਂ ਗੋਲ ਕੀਤਾ। ਮੈਚ ਵਿੱਚ ਸੰਜੇ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।


