ਭਾਜਪਾ ਨਾਲ ਮੁੜ ਗੱਠਜੋੜ ਬਾਰੇ ਸਿੱਧਾ ਜਵਾਬ ਦੇਣ ਤੋਂ ਟਲੇ ਅਕਾਲੀ ਦਲ ਪ੍ਰਧਾਨ; ਕਿਹਾ—ਕਾਂਗਰਸ ਤੇ ‘ਆਪ’ ਤੋਂ ਇਲਾਵਾ ਪੰਜਾਬ ਦੇ ਹਿੱਤਾਂ ਅਤੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਪਾਰਟੀਆਂ ਲਈ ਗੱਠਜੋੜ ਦੇ ਦਰਵਾਜ਼ੇ ਖੁੱਲ੍ਹੇ
ਚੰਡੀਗੜ੍ਹ — ਆਪਣਾ ਪੰਜਾਬ ਮੀਡੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਮੁੜ ਗੱਠਜੋੜ ਦੀਆਂ ਚਰਚਾਵਾਂ ਦਰਮਿਆਨ ਸਪੱਸ਼ਟ ਜਵਾਬ ਦੇਣ ਤੋਂ ਗੁਰੇਜ਼ ਕੀਤਾ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਮੁੜ ਇਕੱਠੇ ਹੋਣਗੇ ਤਾਂ ਉਨ੍ਹਾਂ ਕਿਹਾ, “ਮੈਂ ਕਿਹੜਾ ਪੰਡਿਤ ਹਾਂ, ਕੁਝ ਦਿਨਾਂ ਵਿੱਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਕੀ ਹੋਣਾ ਹੈ।”
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਅਤੇ ਆਪਣੀ ਵਿਚਾਰਧਾਰਾ ਨਾਲ ਸਹਿਮਤ ਪਾਰਟੀਆਂ ਨਾਲ ਗੱਠਜੋੜ ਕਰਨ ਲਈ ਤਿਆਰ ਹੈ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਇਲਾਵਾ ਹੋਰ ਧਿਰਾਂ ਨਾਲ ਸਿਆਸੀ ਸਾਂਝ ਦੀ ਸੰਭਾਵਨਾ ਖੁੱਲ੍ਹੀ ਹੈ। ਹਾਲਾਂਕਿ, ਉਨ੍ਹਾਂ ਭਾਜਪਾ ਨਾਲ ਗੱਠਜੋੜ ਬਾਰੇ ਕੋਈ ਅੰਤਿਮ ਐਲਾਨ ਨਹੀਂ ਕੀਤਾ।
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਜਪਾ ਅਤੇ ਅਕਾਲੀ ਦਲ ਦੇ ਮੁੜ ਇਕੱਠੇ ਹੋਣ ਦੀਆਂ ਚਰਚਾਵਾਂ ਤੇਜ਼ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਐਨਡੀਏ ਦੀ ਸਰਕਾਰ ਬਣਨ ਦਾ ਭਰੋਸਾ ਜਤਾਉਣ ਅਤੇ ਦੋਵਾਂ ਪਾਰਟੀਆਂ ਦੇ ਆਗੂਆਂ ਦੀਆਂ ਹਾਲੀਆ ਮੁਲਾਕਾਤਾਂ ਨੇ ਇਨ੍ਹਾਂ ਅਟਕਲਾਂ ਨੂੰ ਹੋਰ ਹਵਾ ਦਿੱਤੀ ਹੈ। ਦੂਜੇ ਪਾਸੇ, ਪੰਜਾਬ ਭਾਜਪਾ ਦੇ ਕੁਝ ਆਗੂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਦੀ ਗੱਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ 24 ਸਾਲ ਪੁਰਾਣਾ ਗੱਠਜੋੜ ਸਤੰਬਰ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਟੁੱਟ ਗਿਆ ਸੀ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਦੋਵਾਂ ਪਾਰਟੀਆਂ ਦੇ ਮੁੜ ਨੇੜੇ ਆਉਣ ਦੀਆਂ ਸੰਭਾਵਨਾਵਾਂ ’ਤੇ ਸਿਆਸੀ ਹਲਕਿਆਂ ਵਿੱਚ ਚਰਚਾ ਜਾਰੀ ਹੈ।


